Apr 30, 2025 7:09 PM - Connect Newsroom
ਵੈਨਕੂਵਰ ਦੀ ਫੁੱਟਬਾਲ ਟੀਮ ਵ੍ਹਾਈਟਕੈਪਸ ਅੱਜ ਸ਼ਾਮ ਫਲੋਰੀਡਾ ਦੇ ਚੇਜ਼ ਸਟੇਡੀਅਮ ਵਿਚ ਇੰਟਰ ਮਿਆਮੀ ਨਾਲ ਭਿੜੇਗੀ। ਇਹ ਦੋਹਾਂ ਟੀਮਾਂ ਵਿਚਕਾਰ ਕੌਨਕਾਕ ਚੈਂਪੀਅਨਜ਼ ਕੱਪ ਸੈਮੀਫਾਈਨਲ ਦਾ ਦੂਜਾ ਮੈਚ ਹੈ, ਇਸ ਤੋਂ ਪਹਿਲਾਂ ਵੀਰਵਾਰ ਨੂੰ ਬੀ.ਸੀ. ਪਲੇਸ ਸਟੇਡੀਅਮ ਵਿਚ ਵੈਨਕੂਵਰ ਵ੍ਹਾਈਟਕੈਪਸ ਨੇ ਇੰਟਰ ਮਿਆਮੀ ਨੂੰ 2-0 ਨਾਲ ਮਾਤ ਦਿੱਤੀ ਸੀ, ਉਸ ਸਮੇਂ ਫੁੱਟਬਾਲ ਦੇ ਦਿੱਗਜ ਖਿਡਾਰੀ ਲਿਓਨੇਲ ਮੇਸੀ ਵੀ ਇੰਟਰ ਮਿਆਮੀ ਵਲੋਂ ਖੇਡੇ ਸਨ।
ਹਾਲਾਂਕਿ, ਬੇਸ਼ੱਕ ਵ੍ਹਾਈਟਕੈਪਸ ਕੋਲ 2-0 ਦੀ ਲੀਡ ਹੈ ਪਰ ਟੀਮ ਨੂੰ ਵੀ ਪਤਾ ਹੈ ਕਿ ਮੇਸੀ ਅਤੇ ਮਿਆਮੀ ਦੇ ਹੋਰ ਸਟਾਰ ਖਿਡਾਰੀ ਆਸਾਨੀ ਨਾਲ ਹਾਰ ਨਹੀਂ ਮੰਨਣਗੇ ਅਤੇ ਵ੍ਹਾਈਟਕੈਪਸ ਨੂੰ ਫਾਈਨਲ ਵਿਚ ਜਾਣ ਲਈ ਅੰਤਿਮ ਮੁਸ਼ਕਲ ਚੜ੍ਹਾਈ ਦਾ ਸਾਹਮਣਾ ਕਰਨਾ ਪਵੇਗਾ।
ਮੁੱਖ ਕੋਚ ਜੈਸਪਰ ਸੋਰੇਨਸਨ ਦਾ ਵੀ ਕਹਿਣਾ ਸੀ ਕਿ ਅਸੀਂ ਇੱਕ ਤਕੜੀ ਟੀਮ ਖਿਲਾਫ ਖੇਡ ਰਹੇ ਹਾਂ, ਜਿੱਥੇ ਕੁਝ ਵੀ ਹੋ ਸਕਦਾ ਹੈ। ਇਸ ਲਈ ਟੀਮ ਪਹਿਲਾਂ ਬਹੁਤ ਜ਼ਿਆਦਾ ਆਤਮਵਿਸ਼ਵਾਸ ਹੋਣ ਤੋਂ ਕਿਨਾਰਾ ਕਰ ਰਹੀ ਹੈ। ਵੈਨਕੂਵਰ ਵ੍ਹਾਈਟਕੈਪਸ ਅਤੇ ਇੰਟਰ ਮਿਆਮੀ ਵਿਚ ਮੁਕਾਬਲਾ ਸ਼ਾਮ 5 ਵਜੇ ਸ਼ੁਰੂ ਹੋਵੇਗਾ।