May 2, 2025 6:43 PM - The Canadian Press
ਵੈਨਕੂਵਰ ਵਿਚ ਫਿਲੀਪੀਨੋ ਕਮਿਊਨਿਟੀ ਦੇ ਫੈਸਟੀਵਲ ਦੌਰਾਨ ਜਾਨ ਗੁਆਉਣ ਵਾਲੇ ਲੋਕਾਂ ਨੂੰ ਸ਼ਰਾਂਧਜਲੀ ਦੇਣ ਦੇ ਰੂਪ ਵਿਚ ਅੱਜ ਬੀ. ਸੀ. ਵਿਚ ਸੋਗ ਦਿਵਸ ਹੈ। ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਇਹ ਦਿਨ ਲਾਪੂ ਲਾਪੂ ਡੇਅ ਫੈਸਟੀਵਲ ਵਿਚ ਕਾਰ ਹਮਲੇ ਮਗਰੋਂ ਵਿਛੜੀਆਂ ਰੂਹਾਂ ਨੂੰ ਸ਼ਰਾਂਜਲੀ ਦੇਣ ਅਤੇ ਗਵਾਹਾਂ ਦੀ ਹੌਂਸਲਾਫਜ਼ਾਈ ਕਰਨ ਦਾ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਇਹ ਯਕੀਨੀ ਕਰਨ ਲਈ ਕਦਮ ਚੁੱਕੇ ਜਾਣ ਕਿ ਅਜਿਹੀ ਘਟਨਾ ਫਿਰ ਕਦੇ ਨਾ ਹੋਵੇ।
ਫਿਲੀਪੀਨੋ ਬੀ.ਸੀ. ਸਮੂਹ ਦੇ ਆਰਜੇ ਐਕੁਇਨੋ ਨੇ ਕਿਹਾ ਕਿ ਸਰਕਾਰ ਵਲੋਂ ਸੋਗ ਦਿਵਸ ਰੱਖਣਾ ਇਹ ਦਿਖਾਉਂਦਾ ਹੈ ਸੂਬੇ ਅਤੇ ਸ਼ਹਿਰ ਦੇ ਇਤਿਹਾਸ ਵਿਚ ਇਹ ਕਿੰਨੀ ਦੁਖਾਂਤ ਘਟਨਾ ਹੈ। ਇਸ ਮੌਕੇ 'ਤੇ ਪੀੜਤਾਂ ਦੀ ਯਾਦ ਵਿਚ ਆਯੋਜਿਤ ਪ੍ਰੋਗਰਾਮਾਂ ਵਿਚੋਂ ਇੱਕ ਵੈਨਕੂਵਰ ਦੇ ਹੋਲੀ ਰੋਸਰੀ ਕੈਥੇਡ੍ਰਲ ਵਿਚ ਸ਼ਾਮ 5 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ।
ਉਥੇ ਹੀ, ਇਸ ਵਿਚਕਾਰ ਇਸ ਘਟਨਾ ਦੇ 30 ਸਾਲਾ ਮੁਲਜ਼ਮ Adam Kai-Ji Lo ਦੇ ਵਕੀਲ ਵਲੋਂ ਪ੍ਰੋਵਿੰਸ਼ੀਅਲ ਕੋਰਟ ਵਿਚ ਇੱਕ ਅਰਜ਼ੀ ਲਗਾ ਕੇ ਪੇਸ਼ੀ ਦੀ ਤਰੀਕ 26 ਮਈ ਤੋਂ ਅੱਗੇ ਪਾਉਣ ਦੀ ਬੇਨਤੀ ਕੀਤੀ ਗਈ ਹੈ।