Apr 30, 2025 9:36 PM -
ਵੈਨਕੂਵਰ 'ਚ ਵਾਪਰੇ ਕਾਰ ਹਮਲੇ 'ਚ 11 ਲੋਕਾਂ ਨੇ ਜਾਨ ਗਵਾ ਦਿੱਤੀ। ਘਟਨਾ ਤੋਂ ਬਾਅਦ 10 ਲੋਕ ਹਸਪਤਾਲ 'ਚ ਹਨ, ਜਿਸ 'ਚ 22 ਮਹੀਨੇ ਦਾ ਇੱਕ ਬੱਚਾ ਵੀ ਸ਼ਾਮਿਲ ਹੈ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ 'ਚ ਕਈ ਪੀੜਤਾਂ ਦੀ ਪਛਾਣ ਵੀ ਹੋ ਚੁੱਕੀ ਹੈ ਅਤੇ ਇਨ੍ਹਾਂ ਲਈ ਸਥਾਪਿਤ ਕੀਤੇ ਗਏ ਗੋ-ਫ਼ੰਡ-ਮੀ ਅਕਾਊਂਟਸ 'ਤੇ ਲੋਕ ਡੋਨੇਸ਼ਨਸ ਕਰ ਰਹੇ ਹਨ।
ਕੋਲੰਬੀਆ ਦਾ ਇਮੀਗ੍ਰੈਂਟ ਜੋੜਾ ਅਤੇ ਧੀ
ਵੈਨਕੂਵਰ 'ਚ ਵਾਪਰੀ ਘਟਨਾ 'ਚ ਕੋਲੰਬੀਆ ਦੇ ਇੱਕ ਇਮੀਗ੍ਰੈਂਟ ਪ੍ਰੀਵਾਰ ਨੇ ਵੀ ਜਾਨ ਗਵਾ ਦਿੱਤੀ। ਡੈਨੀਅਲ ਸੈਂਪਰ ਆਪਣੀ ਪਤਨੀ ਅਤੇ ਧੀ ਦੇ ਨਾਲ 26 ਅਪ੍ਰੈਲ ਨੂੰ ਲਾਪੂ-ਲਾਪੂ ਫੈਸਟੀਵਲ ਦੇ ਜਸ਼ਨਾਂ 'ਚ ਸ਼ਾਮਿਲ ਹੋਣ ਪਹੁੰਚੇ ਸਨ। ਜਸ਼ਨ ਦੇ ਮਾਹੌਲ ਨੂੰ ਗ਼ਮਗੀਨ ਕਰ ਦੇਣ ਵਾਲੀ ਘਟਨਾ ਦਾ ਪੀੜਤ ਇਹ ਪ੍ਰੀਵਾਰ ਵੀ ਹੋ ਗਿਆ, ਜੋ ਵੈਨਕੂਵਰ ਵਿੱਚ ਇੱਕ ਨਵੇਂ ਜੀਵਨ ਦੀ ਭਾਲ 'ਚ ਸਾਲ 2000 ਦੇ ਦਹਾਕੇ 'ਚ ਕੈਨੇਡਾ ਪਹੁੰਚਿਆ ਸੀ। ਪ੍ਰੀਵਾਰ ਦੇ ਤਿੰਨ ਮੈਂਬਰ ਜਾਨ ਗਵਾ ਬੈਠੇ ਅਤੇ ਪ੍ਰੀਵਾਰ ਦਾ ਚੌਥਾ ਮੈਂਬਰ ਪਿੱਛੇ ਛੁੱਟ ਗਿਆ ਜਿਸ ਦੇ ਲਈ ਗੋ-ਫ਼ੰਡ-ਮੀ ਪੇਜ ਸਥਾਪਿਤ ਕੀਤਾ ਗਿਆ ਸੀ, ਜਿਸ 'ਤੇ ਹੁਣ ਤੱਕ ਡੇਢ ਲੱਖ ਡਾਲਰ ਤੋਂ ਵਧੇਰੇ ਰਾਸ਼ੀ ਇਕੱਤਰ ਹੋ ਗਈ ਹੈ। ਐਲੀਹਾਂਦਰੋ ਇਸ ਘਟਨਾ ਮੌਕੇ ਪ੍ਰੀਵਾਰ ਨਾਲ ਨਹੀਂ ਸੀ ਅਤੇ ਉਸ ਦੀ ਘਟਨਾ ਤੋਂ ਕੁਝ ਸਮੇਂ ਪਹਿਲਾਂ ਆਪਣੇ ਮਾਪਿਆਂ ਨਾਲ ਗੱਲ ਹੋਈ ਸੀ। ਐਲੀਹਾਂਦਰੋ ਨੇ ਇੱਕ ਇੰਟਰਵੀਊ 'ਚ ਆਖਿਆ ਸੀ ਕਿ ਉਸ ਦਾ ਪ੍ਰੀਵਾਰ ਹੀ ਉਸ ਦੇ ਲਈ ਸਾਰੀ ਦੁਨੀਆ ਸੀ।
ਰਿਚਰਡ ਲੀ, ਲਿਨ ਹੋਂਗ ਅਤੇ ਕੇਟੀ ਲੀ
47 ਸਾਲਾ ਰਿਚਰਡ ਲੀ ਆਪਣੀ ਪਤਨੀ ਅਤੇ 5 ਸਾਲਾ ਬੇਟੀ ਨਾਲ ਲਾਪੂ-ਲਾਪੂ ਫੈਸਟੀਵਲ 'ਚ ਸ਼ਾਮਿਲ ਹੋਣ ਪਹੁੰਚੇ ਸਨ। ਰਿਚਰਡ ਪੇਸ਼ੇ ਵਜੋਂ ਇੱਕ ਰੀਅਲਟਰ ਸੀ। ਰਾਇਲ ਪੈਸੀਫਿਕ ਰਿਅਲਟੀ ਦਾ ਕਹਿਣਾ ਹੈ ਕਿ ਰਿਚਰਡ ਉਨ੍ਹਾਂ ਨਾਲ 15 ਸਾਲ ਤੋਂ ਕੰਮ ਕਰ ਰਿਹਾ ਸੀ। ਰਿਚਰਡ ਦੇ ਭਰਾ ਦਾ ਕਹਿਣਾ ਸੀ ਕਿ ਉਸ ਨੂੰ ਯਾਦ ਹੈ ਜਦ ਉਹ ਛੋਟਾ ਸੀ ਅਤੇ ਕੁਝ ਲੋਕ ਉਸ ਨੂੰ ਬੁਲੀ (ਪ੍ਰੇਸ਼ਾਨ) ਕਰਦੇ ਸਨ ਅਤੇ ਰਿਚਰਡ ਹਮੇਸ਼ਾ ਉਸਦਾ ਬਚਾਅ ਕਰਦਾ ਸੀ। ਰਿਚਰਡ ਦੇ ਜਾਨਣ ਵਾਲੇ ਉਸ ਨੂੰ ਟੈਨਿਸ ਅਤੇ ਬੈਡਮਿੰਟਨ ਦਾ ਸ਼ੌਕੀਨ ਦਸਦੇ ਹਨ। ਘਟਨਾ ਵਿੱਚ ਰਿਚਰਡ ਦੀ 30 ਸਾਲਾ ਪਤਨੀ ਲਿਨ ਹੋਂਗ ਅਤੇ 5 ਸਾਲਾ ਧੀ ਕੇਟੀ ਲੀ ਦੀ ਵੀ ਜਾਨ ਜਾਂਦੀ ਰਹੀ। ਇਹ ਪ੍ਰੀਵਾਰ ਆਪਣੇ ਪਿੱਛੇ 16 ਸਾਲਾ ਐਂਡੀ ਨੂੰ ਛੱਡ ਗਿਆ ਹੈ। ਘਟਨਾ ਵਾਲੇ ਦਿਨ ਐਂਡੀ ਆਪਣਾ ਹੋਮ-ਵਰਕ ਖਤਮ ਕਰਨ ਲਈ ਘਰ ਰੁਕ ਗਿਆ ਸੀ। ਐਂਡੀ ਦਾ ਕਹਿਣਾ ਹੈ ਕਿ ਉਸ ਦੀ 5 ਸਾਲਾ ਭੈਣ ਹਮੇਸ਼ਾ ਊਰਜਾ ਨਾਲ ਭਰੀ ਰਹਿੰਦੀ ਸੀ।
ਕੀਰਾ ਸਲੀਮ
ਵੈਨਕੂਵਰ 'ਚ ਵਾਪਰੀ ਘਟਨਾ 'ਚ ਫਰੇਜ਼ਰ ਰਿਵਰ ਮਿਡਲ ਸਕੂਲ ਅਤੇ ਨਿਊ ਵੈਸਟਮਿਨਸਟਰ ਸੈਕੰਡਰੀ ਸਕੂਲ ਦੀ ਟੀਚਰ, ਕੀਰਾ ਸਲੀਮ ਨੇ ਵੀ ਜਾਨ ਗਵਾ ਦਿੱਤੀ। ਸਕੂਲ ਡਿਸਟ੍ਰਿਕਟ ਦੇ ਸੁਪ੍ਰਿਟੈਂਡੈਂਟ ਨੇ ਇੱਕ ਬਿਆਨ 'ਚ ਆਖਿਆ ਕਿ ਸਲੀਮ ਵਿਦਿਆਰਥੀਆਂ ਦੇ ਲਈ ਬੇਹੱਦ ਕੇਅਰ ਕਰਦੇ ਸਨ ਅਤੇ ਉਨ੍ਹਾਂ ਦੀ ਸੋਚ ਦਾ ਸਭ 'ਤੇ ਪਾਵਰਫੁੱਲ ਪ੍ਰਭਾਵ ਹੁੰਦਾ ਸੀ।
ਹੈਲਗੀ ਬਾਰਨਾਸਨ ਅਤੇ ਮਾਰੀਆ ਵਿਕਟੋਰੀਆ
27 ਸਾਲਾ ਹੈਲਗੀ ਬਾਰਨਾਸਨ ਵੈਨਕੂਵਰ ਵਿਖੇ ਇਸ ਤਿਓਹਾਰ 'ਚ ਆਪਣੀ ਮਾਂ ਮਾਰੀਆ ਵਿਕਟੋਰੀਆ ਨਾਲ ਪਹੁੰਚੇ ਸਨ। ਜਦ ਗੱਡੀ ਤੇਜ ਰਫਤਾਰ ਨਾਲ ਆਉਂਦੀ ਵਿਖਾਈ ਦਿੱਤੀ ਤਾਂ ਹੈਲਗੀ ਨੇ ਆਪਣੀ ਮਾਂ ਨੂੰ ਗੱਡੀ ਤੋਂ ਪਾਸੇ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਮਾਂ ਪਾਸੇ ਨਾ ਹਟ ਸਕੀ। ਇਸ ਘਟਨਾ ਦੌਰਾਨ ਮਾਰੀਆ ਵਿਕਟੋਰੀਆ ਦੀ ਮੌਤ ਹੋ ਗਈ ਅਤੇ ਘਟਨਾ 'ਚ ਹੈਲਗੀ ਬਾਰਨਾਸਨ ਜਖਮੀ ਹੋ ਗਿਆ। ਜਖਮੀ ਦੇ ਇਲਾਜ ਲਈ ਅਤੇ ਪੀੜਤ ਸੰਬੰਧੀ ਖਰਚੇ ਚੁੱਕਣ ਲਈ ਮਦਦ ਦੇ ਲਈ ਇੱਕ ਗੋ-ਫ਼ੰਡ-ਮੀ ਪੇਜ 'ਤੇ ਲੋਕ ਡੋਨੇਸ਼ਨਸ ਕਰ ਰਹੇ ਹਨ। ਘਟਨਾ ਮੌਕੇ ਮੌਜੂਦ ਹੈਲਗੀ ਦੇ ਇੱਕ ਦੋਸਤ ਦੀ ਵੀ ਮੌਤ ਹੋ ਗਈ।