May 5, 2025 1:39 PM - The Canadian Press
ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਵ੍ਹਾਈਟ ਹਾਊਸ ਦਾ ਦੌਰਾ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਦੀ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਟਿੱਪਣੀ ਇੱਕ ਵਾਰ ਫਿਰ ਸਾਹਮਣੇ ਆਈ ਹੈ। ਉਨ੍ਹਾਂ ਐਤਵਾਰ ਨੂੰ ਪ੍ਰਸਾਰਿਤ ਹੋਏ ਐਨ.ਬੀ.ਸੀ.ਦੇ "Meet the Press" ਇੰਟਰਵਿਊ ਵਿਚ ਕੈਨੇਡਾ ਨਾਲ ਅਮਰੀਕਾ ਦਾ ਸਾਲਾਨਾ $200 ਬਿਲੀਅਨ ਵਪਾਰ ਘਾਟੇ ਦਾ ਹਵਾਲਾ ਦਿੰਦੇ ਕਿਹਾ ਕਿ ਉਹ ਅਜੇ ਵੀ ਕੈਨੇਡਾ ਨੂੰ ਅਮਰੀਕਾ ਨਾਲ ਜੋੜਨ ਵਿਚ ਦਿਲਚਸਪੀ ਰੱਖਦੇ ਹਨ।
ਇੰਟਰਵਿਊ ਦੀ ਹੋਸਟ ਕ੍ਰਿਸਟਨ ਵੇਲਕਰ ਵਲੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਕੈਨੇਡਾ ਖਿਲਾਫ ਫੌਜੀ ਤਾਕਤ ਦੀ ਵਰਤੋਂ ਕਰਨਗੇ ਤਾਂ ਟਰੰਪ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਅਸੀਂ ਕਦੇ ਵੀ ਇਸ ਸਥਿਤੀ ਤੱਕ ਪਹੁੰਚਾਂਗੇ ਪਰ ਗ੍ਰੀਨਲੈਂਡ ਨਾਲ ਅਜਿਹਾ ਕੁਝ ਹੋ ਸਕਦਾ ਹੈ। ਗੌਰਤਲਬ ਹੈ ਕਿ ਟਰੰਪ ਦੀਆਂ ਇਹ ਟਿੱਪਣੀਆਂ ਉਦੋਂ ਆਈਆਂ ਹਨ ਜਦੋਂ ਕਾਰਨੀ ਟੈਰਿਫ ਅਤੇ ਕੈਨੇਡਾ-ਅਮਰੀਕਾ ਦੇ ਸਬੰਧਾਂ 'ਤੇ ਚਰਚਾ ਲਈ ਉਨ੍ਹਾਂ ਨਾਲ ਮੰਗਲਵਾਰ ਨੂੰ ਮੁਲਾਕਾਤ ਕਰਨ ਦੀ ਤਿਆਰੀ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਮੁਸ਼ਕਲ ਪਰ ਠੋਸ ਗੱਲਬਾਤ ਦੀ ਉਮੀਦ ਨਾਲ 6 ਮਈ ਨੂੰ ਵ੍ਹਾਈਟ ਹਾਊਸ ਜਾ ਰਹੇ ਹਨ।