Apr 28, 2025 4:16 PM - The Canadian Press
ਕੈਨੇਡੀਅਨ ਵਲੋਂ ਆਗਾਮੀ ਸਰਕਾਰ ਦੀ ਚੋਣ ਲਈ ਅੱਜ ਪਾਈਆਂ ਜਾ ਰਹੀਆਂ ਵੋਟਾਂ ਵਿਚਕਾਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਟਿੱਪਣੀ ਦੁਹਰਾਈ।
ਸੋਸ਼ਲ ਮੀਡੀਆ ਪੋਸਟ ਵਿਚ ਉਹਨਾਂ ਕੈਨੇਡਾ-ਅਮਰੀਕਾ ਵਿਚਕਾਰ ਬਾਊਂਡਰੀ ਲਾਈਨ ਨੂੰ ਨਕਲੀ ਕਰਾਰ ਦਿੱਤਾ। ਇਸ ਦੇ ਨਾਲ ਹੀ ਉਹਨਾਂ ਖੁਦ ਨੂੰ ਚੋਣਾਂ ਵਿਚ ਸ਼ਾਮਲ ਕਰਦੇ ਹੋਏ ਕਿਹਾ ਕਿ ਕੈਨੇਡੀਅਨਜ਼ ਨੂੰ ਉਸ ਆਦਮੀ ਨੂੰ ਚੁਣਨਾ ਚਾਹੀਦਾ ਹੈ, ਜਿਸ ਵਿਚ ਤੁਹਾਡੇ ਟੈਕਸਾਂ ਨੂੰ ਅੱਧਾ ਕਰਨ ਅਤੇ ਫੌਜੀ ਸ਼ਕਤੀ ਨੂੰ ਦੁਨੀਆ ਦੇ ਸਭ ਤੋਂ ਉੱਚੇ ਮੁਕਾਮ ਤੱਕ ਵਧਾਉਣ ਦੀ ਤਾਕਤ ਅਤੇ ਸਮਝਦਾਰੀ ਹੋਵੇ। ਟਰੰਪ ਨੇ ਕਿਹਾ ਕਿ ਅਮਰੀਕਾ ਹਰ ਸਾਲ ਕੈਨੇਡਾ ਨੂੰ ਅਰਬਾਂ ਡਾਲਰ ਦੀ ਸਬਸਿਡੀ ਦਿੰਦਾ ਰਿਹਾ ਹੈ, ਜਿਸ ਦਾ ਉਦੋਂ ਤੱਕ ਕੋਈ ਮਤਲਬ ਨਹੀਂ ਹੈ ਜਦੋਂ ਤੱਕ ਕੈਨੇਡਾ ਅਮਰੀਕਾ ਦਾ ਸੂਬਾ ਨਹੀਂ ਬਣਦਾ।
ਗੌਰਤਲਬ ਹੈ ਕਿ ਰਾਸ਼ਟਰਪਤੀ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਬੀਤੇ ਕੱਲ ਉਨ੍ਹਾਂ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਸੀ ਕਿ ਅਮਰੀਕਾ ਸਰਕਾਰ ਕੈਨੇਡਾ ਦੀ ਨਵੀਂ ਸਰਕਾਰ ਨਾਲ ਮਿਲ ਕੇ ਕੰਮ ਕਰੇਗੀ, ਉਹਨਾਂ ਦਾ ਕਹਿਣਾ ਸੀ ਕਿ ਕਈ ਮਾਮਲਿਆਂ ਵਿਚ ਸਹਿਯੋਗ ਦੇ ਆਸਾਰ ਹਨ ਪਰ ਟਰੰਪ ਵਪਾਰ ਤੋਂ ਖੁਸ਼ ਨਹੀਂ ਹਨ।