Apr 25, 2025 2:39 PM - The Canadian Press
ਐਡਮਿੰਟਨ ਦੇ ਇਕ ਵਿਅਕਤੀ ਨੂੰ ਇੱਥੋਂ ਦੇ ਪਾਰਕ ਵਿਚ ਲੱਗੇ ਐਮਿਲੀ ਮਰਫੀ ਦੇ ਬੁੱਤ ਦੀ ਚੋਰੀ ਦੇ ਦੋਸ਼ ਵਿਚ ਚਾਰਜ ਕੀਤਾ ਗਿਆ ਹੈ। ਉਸ ਕੋਲੋਂ ਘਰਾਂ ਵਿਚੋਂ ਚੋਰੀ ਹੋਈਆਂ ਸਜਾਵਟੀ ਪਲੇਟਾਂ ਮਿਲੀਆਂ। ਕਾਂਸੇ ਦਾ ਬਣਿਆ ਇਹ ਬੁੱਤ 26 ਫਰਵਰੀ ਨੂੰ ਐਮਿਲੀ ਮਰਫੀ ਪਾਰਕ ਵਿਚੋਂ ਚੋਰੀ ਹੋਇਆ ਸੀ।
ਇਸ ਦੇ ਬਾਅਦ ਪੁਲਿਸ ਨੂੰ ਵੈਸਟ ਐਡਮਿੰਟਨ ਵਿਚ ਘਰਾਂ ਦੀਆਂ ਸਜਾਵਟੀ ਪਲੇਟਾਂ ਚੋਰੀ ਹੋਣ ਦੀਆਂ ਰਿਪੋਰਟਾਂ ਮਿਲੀਆਂ। ਚੋਰੀ ਹੋਏ ਸਮਾਨ ਦੀ ਕੁੱਲ ਕੀਮਤ ਤਕਰੀਬਨ $250,000 ਹੈ। 13 ਮਾਰਚ ਨੂੰ ਪੁਲਿਸ ਨੇ ਸਾਊਥਈਸਟ ਐਡਮਿੰਟਨ ਦੇ ਇਕ ਘਰ ਵਿਚ ਇਸੇ ਸ਼ੱਕ ਕਾਰਨ ਛਾਪਾ ਮਾਰਿਆ। ਪੁਲਿਸ ਨੇ ਬੁੱਤ ਦਾ ਕੁੱਝ ਹਿੱਸਾ ਅਤੇ ਘਰ ਦੇ ਪਤੇ ਵਾਲੀਆਂ ਪਲੇਟਾਂ ਲੋਕਲ ਮੈਟਲ ਰੀਸਾਈਕਲਰ ਕੋਲੋਂ ਜ਼ਬਤ ਕੀਤੀਆਂ।
43 ਸਾਲਾ ਸ਼ੱਕੀ ਨੂੰ 2 ਅਪ੍ਰੈਲ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਉਸ ਨੂੰ ਚੋਰੀ ਦੀ ਪ੍ਰੋਪਰਟੀ ਰੱਖਣ ਦੇ ਦੋ ਮਾਮਲਿਆਂ, $5,000 ਤੋਂ ਵੱਧ ਕੀਮਤ ਦਾ ਸਮਾਨ ਤਸਕਰੀ ਕਰਨ ਦੀ ਕੋਸ਼ਿਸ਼ ਅਤੇ ਅਪਰਾਧ ਕਰਨ ਦੇ ਦੋ ਦੋਸ਼ਾਂ ਲਈ ਚਾਰਜ ਕੀਤਾ ਗਿਆ ਹੈ।