May 1, 2025 4:57 PM - Connect Newsroom
ਕਿਊਬੈਕ ਸੂਬਾ ਸਕੂਲਾਂ ਵਿਚ ਸੈੱਲਫੋਨ ਅਤੇ ਹੋਰ ਇਲੈਕਟ੍ਰਾਨਿਕ ਜੰਤਰ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਜਾ ਰਿਹਾ ਹੈ। ਇਹ ਨਿਯਮ ਸਕੂਲ ਸ਼ੁਰੂ ਹੋਣ ਤੋਂ ਲੈ ਕੇ ਛੁੱਟੀ ਹੋਣ ਤੱਕ ਲਾਗੂ ਰਹੇਗਾ, ਜਿਸ ਵਿਚ ਬ੍ਰੇਕ ਵੀ ਸ਼ਾਮਲ ਹੋਵੇਗੀ।
ਰਿਪੋਰਟਸ ਮੁਤਾਬਕ, ਇਹ ਪਾਬੰਦੀ ਐਲੀਮੈਂਟਰੀ ਅਤੇ ਹਾਈ ਸਕੂਲ ਪੱਧਰ ਦੇ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਸਕੂਲਾਂ 'ਤੇ ਲਾਗੂ ਹੋਵੇਗੀ। ਇਸ ਤੋਂ ਪਹਿਲਾਂ ਕਿਊਬੈਕ ਨੇ 1 ਜਨਵਰੀ 2024 ਤੋਂ ਕਲਾਸਰੂਮ ਵਿਚ ਸੈੱਲਫੋਨ ਦੀ ਵਰਤੋਂ ਬੰਦ ਕੀਤੀ ਸੀ। ਹੁਣ ਨਵਾਂ ਬੈਨ ਅਗਲੇ ਸਕੂਲ ਸਾਲ ਤੋਂ ਲਾਗੂ ਹੋਵੇਗਾ ਅਤੇ ਹਰੇਕ ਸਕੂਲ ਨੂੰ ਇਹ ਫੈਸਲਾ ਕਰਨਾ ਹੋਵੇਗਾ ਕਿ ਇਸ ਤਬਦੀਲੀ ਨੂੰ ਕਿਵੇਂ ਲਾਗੂ ਕਰਨਾ ਹੈ।
ਕਿਊਬੈਕ ਸਰਕਾਰ ਵਲੋਂ ਬਣਾਈ ਗਈ ਇੱਕ ਕਮੇਟੀ ਨੇ ਮਈ ਵਿਚ ਸਿਫਾਰਸ਼ਾਂ ਦੀ ਪੂਰੀ ਰਿਪੋਰਟ ਸੌਂਪਣੀ ਹੈ ਪਰ ਇਸ ਦੇ ਮੈਂਬਰਾਂ ਨੇ ਪਿਛਲੇ ਹਫ਼ਤੇ ਹੀ ਪਹਿਲੀ ਸਿਫਾਰਸ਼ ਸਰਕਾਰ ਨੂੰ ਸੌਂਪ ਦਿੱਤੀ ਸੀ ਤਾਂ ਜੋ ਸਰਕਾਰ ਅਤੇ ਸਕੂਲਾਂ ਨੂੰ ਇਸ ਤਬਦੀਲੀ ਨੂੰ ਜਲਦੀ ਲਾਗੂ ਕਰਨ ਲਈ ਸਮਾਂ ਮਿਲ ਸਕੇ।