May 2, 2025 5:35 PM - Connect Newsroom
ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਮਹੀਨੇ ਦੇ ਅੰਤ ਵਿਚ ਆਪਣੇ ਸਾਥੀ ਮੈਂਬਰਾਂ ਨਾਲ ਪਾਰਲੀਮੈਂਟ ਵਿਚ ਪ੍ਰਵੇਸ਼ ਕਰਨਗੇ। ਹਾਊਸ ਆਫ਼ ਕਾਮਨਜ਼ ਦੀ ਸੀਟਿੰਗ 26 ਮਈ ਨੂੰ ਬਹਾਲ ਹੋਣ ਵਾਲੀ ਹੈ ਅਤੇ ਇਹ 45ਵੀਂ ਸੰਸਦ ਦਾ ਪਹਿਲਾ ਦਿਨ ਹੋਵੇਗਾ। ਇਸ ਸੀਟਿੰਗ ਤੋਂ ਪਹਿਲਾਂ ਨਵੇਂ ਕੈਬਨਿਟ ਮੰਤਰੀ ਨੂੰ ਰਿਡੋ ਹਾਲ ਵਿਖੇ ਇੱਕ ਸਮਾਰੋਹ ਵਿਚ ਗਵਰਨਰ ਜਨਰਲ ਮੈਰੀ ਸਾਈਮਨ ਵਲੋਂ ਸਹੁੰ ਚੁਕਾਈ ਜਾਵੇਗੀ।
ਪ੍ਰਿਵੀ ਕੌਂਸਲ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮਾਰਚ ਵਿਚ ਪ੍ਰਧਾਨ ਮੰਤਰੀ ਦੇ ਰੂਪ ਵਿਚ ਸਹੁੰ ਚੁੱਕਣ ਵਾਲੇ ਕਾਰਨੀ ਅਤੇ ਹੋਰ ਕੈਬਨਿਟ ਮੰਤਰੀ ਜਿਨ੍ਹਾਂ ਨੂੰ ਕੋਲ ਇੱਕੋ ਪੋਰਟਫੋਲੀਓ ਹੋਵੇਗਾ ਉਨ੍ਹਾਂ ਨੂੰ ਦੁਬਾਰਾ ਅਹੁਦੇ ਦੀ ਸਹੁੰ ਚੁੱਕਣ ਦੀ ਜ਼ਰੂਰਤ ਨਹੀਂ ਹੋਵੇਗੀ ਪਰ ਉਹ ਮੁੜ ਤੋਂ ਸਹੁੰ ਚੁੱਕਣਾ ਵੀ ਚੁਣ ਸਕਦੇ ਹਨ। ਹਾਲਾਂਕਿ, ਕਿਸੇ ਵੀ ਨਵੇਂ ਮੰਤਰੀ ਜਾਂ ਵਾਧੂ ਵਿਭਾਗ ਸੰਭਾਲਣ ਵਾਲਿਆਂ ਨੂੰ ਸਹੁੰ ਚੁੱਕਣ ਦੀ ਲੋੜ ਹੋਵੇਗੀ।
ਬੁਲਾਰੇ ਨੇ ਕਿਹਾ ਕਿ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਦੀ ਤਾਰੀਖ ਦਾ ਐਲਾਨ ਠੀਕ ਸਮੇਂ 'ਤੇ ਕਰ ਦਿੱਤਾ ਜਾਵੇਗਾ। ਗੌਰਤਲਬ ਹੈ ਕਿ ਕਾਰਨੀ ਕੈਬਨਿਟ ਦੇ ਕੁਝ ਮੰਤਰੀ ਜਿਨ੍ਹਾਂ ਵਿਚ ਹੈਲਥ ਮਿਨਿਸਟਰ ਕਮਲ ਖਹਿਰਾ ਵੀ ਸ਼ਾਮਲ ਹੈ ਉਹ ਸੋਮਵਾਰ ਚੋਣ ਹਾਰ ਗਏ ਸਨ ਅਤੇ ਲਿਬਰਲਸ ਦੀ ਮਜ਼ਬੂਤ ਪਰ ਘੱਟ ਗਿਣਤੀ ਸਰਕਾਰ ਵਿਚ ਨਵੇਂ ਚਿਹਰਿਆਂ ਦੇ ਆਉਣ ਦਾ ਮਤਲਬ ਹੈ ਕਿ ਅਗਲਾ ਮੰਤਰੀ ਮੰਡਲ ਵੱਖਰਾ ਦਿਖਾਈ ਦੇਵੇਗਾ।