Apr 25, 2025 6:25 PM - Connect Newsroom
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਧੇ ਤਣਾਅ ਵਿਚਕਾਰ ਭਾਰਤ ਨੇ ਸਰਹੱਦ ਉਤੇ ਬੀ. ਐੱਸ. ਐੱਫ. ਦੀ ਗਿਣਤੀ ਦੁੱਗਣੀ ਕਰ ਦਿੱਤੀ ਹੈ ਅਤੇ ਨਾਲ ਫੌਜ ਲਗਾ ਦਿੱਤੀ ਹੈ, ਇਸ ਦੇ ਨਾਲ ਹੀ ਸਰਹੱਦੀ ਪਿੰਡਾਂ ਦੇ ਕਿਸਾਨਾਂ ਨੂੰ ਕਣਕ ਦੀ ਵਾਢੀ ਜਲਦ ਕਰਨ ਲਈ ਕਿਹਾ ਗਿਆ ਹੈ।
ਪਿੰਡਾਂ ਵਿਚ ਇਹ ਵੀ ਡਰ ਸਤਾਉਣ ਲੱਗਾ ਹੈ ਕਿ ਉਨ੍ਹਾਂ ਨੂੰ ਘਰ ਖਾਲੀ ਕਰਨੇ ਪੈ ਸਕਦੇ ਹਨ। ਉਥੇ ਹੀ, ਪਾਕਿਸਤਾਨ ਦੀ ਫੌਜ ਨੇ ਜੰਮੂ-ਕਸ਼ਮੀਰ ਵਿਚ ਲਾਈਨ ਆਫ ਕੰਟਰੋਲ 'ਤੇ ਸੀਜ਼ਫਾਇਰ ਦੀ ਉਲੰਘਣਾ ਕਰਦਿਆਂ ਭਾਰਤੀ ਫੌਜ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਹੈ, ਜਿਸ ਦਾ ਭਾਰਤੀ ਫੌਜ ਨੇ ਵੀ ਜਵਾਬ ਦਿੱਤਾ ਹੈ।
ਦੋਵੇਂ ਮੁਲਕਾਂ ਵਿਚ ਬਣ ਰਹੇ ਹਾਲਾਤ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਨੇ ਭਾਰਤ ਅਤੇ ਪਾਕਿਸਤਾਨ ਨੂੰ ਤਣਾਅ ਘੱਟ ਕਰਨ ਅਤੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਯੂ. ਐੱਨ. ਦੇ ਸਕੱਤਰ-ਜਨਰਲ ਐਂਟੋਨੀਓ ਗੁਟਰੇਸ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ 'ਤੇ ਉਹ ਬਹੁਤ ਨੇੜਿਓਂ ਅਤੇ ਬਹੁਤ ਚਿੰਤਾ ਨਾਲ ਨਜ਼ਰ ਰੱਖ ਰਹੇ ਹਨ।