May 1, 2025 7:32 PM - Connect Newsroom
ਬੀ. ਸੀ. ਸਰਕਾਰ ਨੇ ਸੂਬੇ ਵਿਚ ਸਰਕਾਰੀ ਅਤੇ ਪ੍ਰਾਈਵੇਟ ਪ੍ਰੋਜੈਕਟ ਨੂੰ ਬੂਸਟ ਦੇਣ ਲਈ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ, ਜਿਸ ਤਹਿਤ ਸੂਬੇ ਵਿਚ ਸਕੂਲ ਅਤੇ ਹਸਪਤਾਲ ਵਰਗੇ ਮਹੱਤਵਪੂਰਨ ਪ੍ਰੋਜੈਕਟ ਲਈ ਪ੍ਰਵਾਨਗੀ ਜਲਦ ਮਿਲੇਗੀ। ਇਸ ਇਨਫਰਾਸਟਕਚਰ ਪ੍ਰੋਜੈਕਟ ਐਕਟ ਵਿਚ ਪ੍ਰਾਈਵੇਟ ਸੈਕਟਰ ਦੇ ਸੂਬਾਈ ਤੌਰ 'ਤੇ ਮਹੱਤਵਪੂਰਨ ਪ੍ਰੋਜੈਕਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਸੂਬੇ ਦੇ ਆਰਥਿਕ ਵਿਕਾਸ ਲਈ ਜ਼ਰੂਰੀ ਹਨ।
ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਟਰੰਪ ਦੇ ਟੈਰਿਫ ਕਾਰਨ ਪੈਦਾ ਹੋਏ ਅਨਿਸ਼ਚਿਤਤਾ ਦੇ ਸਮੇਂ ਵਿਚ ਇਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ ਕਿ ਅਸੀਂ ਲੋਕਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਮਹੱਤਵਪੂਰਨ ਇਨਫਰਾਸਟਕਚਰ ਪ੍ਰੋਜੈਕਟ ਨੂੰ ਤੇਜ਼ੀ ਨਾਲ ਪੂਰਾ ਕਰਕੇ ਵਧੇਰੇ ਚੰਗੀਆਂ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਕਰੀਏ।
ਉਨ੍ਹਾਂ ਕਿਹਾ ਕਿ ਅਸੀਂ ਬੀ. ਸੀ. ਭਰ ਵਿਚ ਨਵੇਂ ਸਕੂਲ, ਹਸਪਤਾਲ ਅਤੇ ਵੱਡੇ ਆਵਾਜਾਈ ਪ੍ਰੋਜੈਕਟ ਬਣਾ ਰਹੇ ਹਾਂ ਅਤੇ ਇਨ੍ਹਾਂ ਵਰਗੇ ਮੁੱਖ ਪ੍ਰੋਜੈਕਟ 'ਤੇ ਕੰਮ ਤੇਜ਼ੀ ਨਾਲ ਸ਼ੁਰੂ ਹੋ ਸਕੇ ਇਸ ਲਈ ਮਨਜ਼ੂਰੀ ਦੇਣ ਦੀ ਪ੍ਰੀਕਰਿਆ ਵਿਚ ਤੇਜ਼ੀ ਲਿਆਉਣ ਲਈ ਇਹ ਕਾਨੂੰਨ ਬਣਾਇਆ ਗਿਆ ਹੈ।