May 6, 2025 4:42 PM - Connect Newsroom
ਐਨ.ਡੀ.ਪੀ. ਨੇ ਜਗਮੀਤ ਸਿੰਘ ਦੀ ਜਗ੍ਹਾ ਪਾਰਟੀ ਲਈ ਨਵਾਂ ਕਾਰਜਕਾਰੀ ਪ੍ਰਧਾਨ ਡੌਨ ਡੇਵਿਸ ਨੂੰ ਨਿਯੁਕਤ ਕੀਤਾ ਹੈ, ਜੋ ਵੈਨਕੂਵਰ ਕਿੰਗਸਵੇ ਤੋਂ ਲੰਮੇ ਸਮੇਂ ਤੋਂ ਐਮ.ਪੀ. ਹਨ। ਸੋਮਵਾਰ ਰਾਤ ਪਾਰਟੀ ਦੀ ਰਾਸ਼ਟਰੀ ਕੌਂਸਲ ਨੇ ਡੇਵਿਸ ਦੇ ਨਾਮ 'ਤੇ ਮੋਹਰ ਲਗਾਈ। ਸਾਬਕਾ ਐਨ.ਡੀ.ਪੀ. ਪ੍ਰਧਾਨ ਜਗਮੀਤ ਸਿੰਘ ਨੇ 28 ਅਪ੍ਰੈਲ ਨੂੰ ਹੋਈਆਂ ਚੋਣਾਂ ਵਿਚ ਬਰਨਬੀ ਸੈਂਟਰਲ ਸੀਟ ਹਾਰਨ ਤੋਂ ਬਾਅਦ ਆਪਣੇ ਅਸਤੀਫ਼ੇ ਦੀ ਘੋਸ਼ਣਾ ਕਰ ਦਿੱਤੀ ਸੀ।
ਇਨ੍ਹਾਂ ਚੋਣਾਂ ਵਿਚ ਐੱਨਡੀਪੀ ਨੇ ਮਹਿਜ 7 ਸੀਟਾਂ ਜਿੱਤੀਆਂ, ਜਿਸ ਨਾਲ ਪਾਰਟੀ ਨੇ ਆਪਣਾ ਹਾਊਸ ਆਫ਼ ਕਾਮਨਜ਼ ਵਿਚ ਔਫੀਸ਼ੀਅਲ ਪਾਰਟੀ ਦਾ ਦਰਜਾ ਗੁਆਇਆ ਹੈ, ਇਸ ਤੋਂ ਪਹਿਲਾਂ 1993 ਵਿਚ ਅਜਿਹਾ ਹੋਇਆ ਸੀ ਜਦੋਂ ਐੱਨਡੀਪੀ 9 ਸੀਟਾਂ 'ਤੇ ਸਿਮਟ ਗਈ ਸੀ।
ਗੌਰਤਲਬ ਹੈ ਕਿ ਫੈਡਰਲ ਐੱਨਡੀਪੀ ਦੇ ਨਵੇਂ ਕਾਰਜਕਾਰੀ ਪ੍ਰਧਾਨ ਡੌਨ ਡੇਵਿਸ 2008 ਤੋਂ ਵੈਨਕੂਵਰ ਕਿੰਗਸਵੇ ਦੀ ਨੁਮਾਇੰਦਗੀ ਕਰ ਰਹੇ ਹਨ, ਐੱਨਡੀਪੀ ਸਾਂਸਦ ਦੇ ਰੂਪ ਵਿਚ ਉਹ ਕਈ ਮਹੱਤਵਪੂਰਨ ਬਿੱਲ ਪੇਸ਼ ਕਰਨ ਵਿਚ ਭੂਮਿਕਾ ਨਿਭਾ ਚੁੱਕੇ ਹਨ, ਜਿਨ੍ਹਾਂ ਵਿਚ ਯੂਨੀਵਰਸਲ ਫਾਰਮਾਕੇਅਰ, ਸਕੂਲ ਨਿਊਟ੍ਰੀਸ਼ਨ ਪ੍ਰੋਗਰਾਮ ਅਤੇ ਹੋਰ ਬਿੱਲ ਸ਼ਾਮਲ ਹਨ।