May 2, 2025 5:39 PM - Connect Newsroom
ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਪਹਿਲਗਾਮ ਹਮਲੇ ਮਾਮਲੇ ਵਿਚ ਪਾਕਿਸਤਾਨ ਨੂੰ ਭਾਰਤ ਨਾਲ ਸਹਿਯੋਗ ਕਰਨ ਲਈ ਕਿਹਾ ਹੈ। ਵੈਂਸ ਨੇ ਕਿਹਾ ਕਿ ਭਾਰਤ ਨੂੰ ਬਦਲਾ ਲੈਣ ਦਾ ਅਧਿਕਾਰ ਹੈ ਪਰ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀ ਪ੍ਰਤੀਕਿਰਇਆ ਅਜਿਹੀ ਹੋਣੀ ਚਾਹੀਦੀ ਹੈ ਕਿ ਇਸ ਨਾਲ ਖੇਤਰ ਵਿਚ ਕੋਈ ਵੱਡਾ ਯੁੱਧ ਨਾ ਹੋਵੇ।
ਉਨ੍ਹਾਂ ਇੱਕ ਚੈਨਲ 'ਤੇ ਕਿਹਾ ਕਿ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਜਿਸ ਵੀ ਹੱਦ ਤੱਕ ਜ਼ਿੰਮੇਵਾਰ ਹੈ ਉਹ ਭਾਰਤ ਨਾਲ ਸਹਿਯੋਗ ਕਰੇਗਾ ਤਾਂ ਕਿ ਅੱਤਵਾਦੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨਾਲ ਨਜਿੱਠਣਾ ਯਕੀਨੀ ਹੋ ਸਕੇ।
ਗੌਰਤਲਬ ਹੈ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿਚ 26 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਸਿਖਰ 'ਤੇ ਹੈ। 22 ਅਪ੍ਰੈਲ ਨੂੰ ਹੋਏ ਇਸ ਹਮਲੇ ਸਮੇਂ ਅਮਰੀਕਾ ਦੇ ਉਪ-ਰਾਸ਼ਟਰਪਤੀ ਆਪਣੀ ਪਤਨੀ ਊਸ਼ਾ ਵੈਂਸ ਅਤੇ ਬੱਚਿਆਂ ਨਾਲ ਭਾਰਤ ਦੇ ਦੌਰੇ 'ਤੇ ਸਨ ਅਤੇ ਉਨ੍ਹਾਂ ਹਮਲੇ ਵਿਚ ਮਾਰੇ ਗਏ ਲੋਕਾਂ ਪ੍ਰਤੀ ਦੁਖ਼ ਦਾ ਪ੍ਰਾਗਟਾਵਾ ਕੀਤਾ ਸੀ।