Apr 30, 2025 5:43 PM - The Canadian Press
ਕੈਨੇਡੀਅਨ ਅਰਥਵਿਵਸਥਾ ਨੂੰ ਟੈਰਿਫ ਅਨਿਸ਼ਚਿਤਤਾ ਵਿਚਕਾਰ ਉਮੀਦ ਤੋਂ ਵੱਡਾ ਝਟਕਾ ਲੱਗਾ ਹੈ, ਫਰਵਰੀ ਵਿਚ ਇਹ ਗਿਰਾਵਟ ਵਿਚ ਚਲੀ ਗਈ, ਜਦੋਂ ਕਿ ਮਾਰਚ ਦੌਰਾਨ ਇਸ ਵਿਚ ਮਾਮੂਲੀ ਵਾਧੇ ਦਾ ਅਨੁਮਾਨ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ, ਫਰਵਰੀ ਵਿਚ ਕੈਨੇਡਾ ਦੀ ਜੀਡੀਪੀ 0.2 ਫੀਸਦੀ ਡਿੱਗੀ ਅਤੇ ਮਾਰਚ ਲਈ ਲਗਾਏ ਗਏ ਅਨੁਮਾਨ ਤੋਂ ਪਤਾ ਲੱਗਦਾ ਹੈ ਕਿ ਅਰਥਵਿਵਸਥਾ ਮਾਮੂਲੀ ਵਾਧਾ ਦਰਜ ਕਰੇਗੀ।
ਏਜੰਸੀ ਨੇ ਆਪਣੇ ਐਡਵਾਂਸਡ ਅਨੁਮਾਨ ਵਿਚ ਮਾਰਚ ਦੀ ਜੀਡੀਪੀ 0.1 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਜਤਾਈ ਹੈ ਅਤੇ ਕੁੱਲ ਮਿਲਾ ਕੇ ਸਾਲ 2025 ਦੇ ਪਹਿਲੇ ਕੁਆਰਟਰ ਦੀ ਪੂਰੀ ਜੀਡੀਪੀ ਗ੍ਰੋਥ 0.4 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਇਸ ਦੇ ਫਾਈਨਲ ਅੰਕੜੇ ਸਟੈਟਿਸਟਿਕਸ ਵਿਭਾਗ 30 ਮਈ ਨੂੰ ਜਾਰੀ ਕਰੇਗਾ।
ਸੀਆਈਬੀਸੀ ਕੈਪੀਟਲ ਮਾਰਕਿਟ ਦੇ ਅਰਥਸ਼ਾਸਤਰੀ ਐਂਡਰਿਊ ਗ੍ਰਾਂਥਮ ਨੇ ਕਿਹਾ ਕਿ ਫਰਵਰੀ ਦੀ ਗਿਰਾਵਟ ਟੈਰਿਫ ਅਨਿਸ਼ਚਿਤਤਾ ਦੀ ਬਜਾਏ ਖਰਾਬ ਮੌਸਮ ਕਾਰਨ ਜ਼ਿਆਦਾ ਹੋਈ ਜਾਪਦੀ ਹੈ। ਹਾਲਾਂਕਿ, ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ ਦੀ ਵਿਕਾਸ ਦਰ 1.5 ਫੀਸਦੀ ਰਹਿਣ ਦੀ ਉਮੀਦ ਹੈ, ਜੋ ਬੈਂਕ ਆਫ ਕੈਨੇਡਾ ਦੇ 1.8 ਫੀਸਦ ਅਨੁਮਾਨ ਤੋਂ ਘੱਟ ਹੈ।