May 2, 2025 5:25 PM - Connect Newsroom
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੱਡਾ ਐਲਾਨ ਕੀਤਾ ਹੈ ਕਿ ਜੇ ਕੰਜ਼ਰਵੇਟਿਵ-ਪੀਅਰ ਪੌਲੀਐਵ ਨੂੰ ਸੰਸਦ ਵਿਚ ਭੇਜਣ ਦੀ ਕੋਸ਼ਿਸ਼ ਵਿਚ ਜ਼ਿਮਨੀ ਚੋਣ ਲਈ ਕੋਈ ਸੀਟ ਖਾਲੀ ਕਰਵਾਉਂਦੇ ਹਨ ਤਾਂ ਉਹ ਬਿਨਾਂ ਕਿਸੇ ਸਿਆਸਤ ਦੇ ਜਿੰਨੀ ਜਲਦੀ ਹੋ ਸਕੇ ਜ਼ਿਮਨੀ ਚੋਣ ਨੂੰ ਮਨਜ਼ੂਰੀ ਦੇ ਦੇਣਗੇ।
ਗੌਰਤਲਬ ਹੈ ਕਿ ਪੌਲੀਐਵ 28 ਅਪ੍ਰੈਲ ਨੂੰ ਹੋਈਆਂ ਚੋਣਾਂ ਵਿਚ ਔਟਵਾ ਦੀ ਕਾਰਲਟਨ ਰਾਈਡਿੰਗ ਤੋਂ ਚੋਣ ਹਾਰ ਗਏ ਸਨ, ਇਹ ਸੀਟ ਉਨ੍ਹਾਂ ਕੋਲ 20 ਸਾਲਾਂ ਤੋਂ ਸੀ। ਕੰਜ਼ਰਵੇਟਿਵ ਹੁਣ ਵੀ ਉਨ੍ਹਾਂ ਨੂੰ ਪਾਰਟੀ ਲੀਡਰ ਵਜੋਂ ਰੱਖਣਾ ਚਾਹੁੰਦੇ ਹਨ ਪਰ ਹਾਊਸ ਆਫ ਕਾਮਨਜ਼ ਵਿਚ ਪੌਲੀਐਵ ਕੋਲ ਸੀਟ ਨਾ ਹੋਣ ਕਾਰਨ ਪਾਰਟੀ ਕਈ ਬਦਲਾਂ 'ਤੇ ਵਿਚਾਰ ਕਰ ਰਹੀ ਹੈ, ਜਿਸ ਵਿਚ ਪੌਲੀਐਵ ਨੂੰ ਜ਼ਿਮਨੀ ਚੋਣ ਵਿਚ ਚੋਣ ਲੜਾਉਣਾ ਵੀ ਸ਼ਾਮਲ ਹੈ। ਕਾਰਨੀ ਨੇ ਕਿਹਾ ਕਿ ਇਸ ਵਿਚ ਉਨ੍ਹਾਂ ਦੀ ਕੋਈ ਸਿਆਸਤ ਨਹੀਂ ਹੋਵੇਗੀ, ਉਹ ਸਿੱਧੇ ਜ਼ਿਮਨੀ ਚੋਣ ਨੂੰ ਹਰੀ ਝੰਡੀ ਦਿਖਾ ਦੇਣਗੇ।