Apr 29, 2025 6:48 PM - Connect Newsroom
ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਚੋਣਾਂ ਜਿੱਤਣ ਮਗਰੋਂ ਮਾਰਕ ਕਾਰਨੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਇੱਕ ਬ੍ਰੀਫ ਇੰਟਰਵਿਊ ਵਿਚ ਕਿਹਾ ਕਿ ਉਹ ਉਦੋਂ ਤੱਕ ਅਮਰੀਕਾ ਨਹੀਂ ਜਾਣਗੇ ਜਦੋਂ ਤੱਕ ਕੈਨੇਡਾ ਦੀ ਆਜ਼ਾਦੀ ਅਤੇ ਪ੍ਰਭੂਸੱਤਾ ਨੂੰ ਲੈ ਕੇ ਟਰੰਪ ਗੰਭੀਰਤਾ ਨਹੀਂ ਦਿਖਾਉਂਦੇ। ਕਾਰਨੀ ਨੇ ਕਿਹਾ ਕਿ ਕੈਨੇਡਾ ਅਮਰੀਕਾ ਤੋਂ ਬਰਾਬਰ ਦੇ ਸਨਮਾਨ ਦਾ ਹੱਕਦਾਰ ਹੈ ਅਤੇ ਦੋਹਾਂ ਮੁਲਕਾਂ ਵਿਚਕਾਰ ਵਪਾਰ ਅਤੇ ਸਕਿਓਰਿਟੀ ਨੂੰ ਲੈ ਕੇ ਕੋਈ ਵੀ ਸਮਝੌਤਾ ਕੈਨੇਡਾ ਆਪਣੀਆਂ ਸ਼ਰਤਾਂ 'ਤੇ ਕਰੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਜੇ ਯੂਰਪੀਅਨ ਯੂਨੀਅਨ ਅਤੇ ਯੂ. ਕੇ. ਨਾਲ ਉਹ ਚੰਗੇ ਵਪਾਰਕ ਰਿਸ਼ਤੇ ਬਣਾਉਣ ਵਿਚ ਕਾਮਯਾਬ ਹੋ ਜਾਂਦੇ ਹਨ ਅਤੇ ਨਾਲ ਹੀ ਅਮਰੀਕਾ ਨਾਲ ਵੀ ਸਮਝੌਤਾ ਹੋ ਜਾਂਦਾ ਹੈ ਤਾਂ ਇਹ ਕੈਨੇਡਾ ਲਈ ਸਭ ਤੋਂ ਵੱਡਾ ਫਾਇਦਾ ਹੋਵੇਗਾ। ਕਾਰਨੀ ਨੇ ਕਿਹਾ ਕਿ ਅਸੀਂ ਉਨ੍ਹਾਂ ਮੁਲਕਾਂ ਨਾਲ ਹੋਰ ਬਿਹਤਰ ਭਾਈਵਾਲੀ ਕਰ ਸਕਦੇ ਹਾਂ ਜਿਨ੍ਹਾਂ ਨਾਲ ਸਾਡੀ ਸੋਚ ਮੇਲ ਖਾਂਦੀ ਹੈ।
ਗੌਰਤਲਬ ਹੈ ਕਿ ਕੈਨੇਡਾ ਅਤੇ ਅਮਰੀਕਾ ਦੇ ਸਬੰਧ ਹਾਲ ਹੀ ਦੇ ਮਹੀਨਿਆਂ ਵਿਚ ਤਣਾਅਪੂਰਨ ਹੋਏ ਹਨ ਜਦੋਂ ਟਰੰਪ ਨੇ ਕੈਨੇਡਾ ਨੂੰ 51ਵਾਂ ਸੂਬਾ ਅਤੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਗਵਰਨਰ ਕਹਿਣਾ ਸ਼ੁਰੂ ਕੀਤਾ। ਉਥੇ ਹੀ, ਟਰੰਪ ਵਲੋਂ ਲਗਾਏ ਗਏ ਟੈਰਿਫ ਦੇ ਪਹਿਲਾਂ ਦੇਸ਼ਾਂ ਵਿਚ ਵੀ ਕੈਨੇਡਾ ਸ਼ਾਮਲ ਸੀ।