May 1, 2025 6:48 PM - Connect Newsroom
ਬੀ. ਸੀ. ਵਿਚ ਨਵੀਂ ਇਲੈਕਟ੍ਰਿਕ ਕਾਰ ਖਰੀਦਣੀ ਮਹਿੰਗੀ ਹੋ ਸਕਦੀ ਹੈ। ਸੂਬੇ ਦੇ ਕਾਰ ਡੀਲਰਾਂ ਨੇ ਪ੍ਰੀਮੀਅਰ ਡੇਵਿਡ ਈਬੀ ਸਰਕਾਰ ਵਲੋਂ ਇਲੈਕਟ੍ਰਿਕ ਵਾਹਨ ਰਿਬੇਟ ਪ੍ਰੋਗਰਾਮ ਨੂੰ ਰੋਕਣ ਦੇ ਜਵਾਬ ਵਿਚ ਇਹ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਾਲ ਦੇ ਸ਼ੁਰੂ ਵਿਚ ਪਹਿਲਾਂ ਫੈਡਰਲ ਸਰਕਾਰ ਨੇ ਆਪਣੀ ਰਿਬੇਟ ਬੰਦ ਕਰ ਦਿੱਤੀ ਸੀ ਅਤੇ ਹੁਣ ਬੀ. ਸੀ. ਦੇ ਊਰਜਾ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਹੈ ਕਿ ਸੂਬਾ ਆਪਣੇ ਕਲੀਨ ਬੀ.ਸੀ. ਜਲਵਾਯੂ ਪ੍ਰੋਗਰਾਮ ਦਾ ਰੀਵਿਊ ਕਰਦੇ ਹੋਏ ਆਪਣੇ ਰਿਬੇਟ ਪ੍ਰੋਗਰਾਮ ਨੂੰ ਰੋਕ ਰਿਹਾ ਹੈ।
ਕਾਰ ਡੀਲਰਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਨਵੀਆਂ ਇਲੈਕਟ੍ਰਿਕ ਕਾਰਾਂ ਦੀ ਕੀਮਤ ਬਹੁਤ ਸਾਰੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ।ਨਵੀਂ ਕਾਰ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲੇਅਰ ਕੁਏਲੀ ਨੇ ਕਿਹਾ ਕਿ ਇਲੈਕਟ੍ਰਿਕ ਕਾਰਾਂ ਦੀ ਕੀਮਤ ਅਜੇ ਵੀ ਗੈਸ ਨਾਲ ਚੱਲਣ ਵਾਲੀਆਂ ਗੱਡੀਆਂ ਨਾਲੋਂ ਜ਼ਿਆਦਾ ਹੈ ਅਤੇ ਇਸ ਪਾੜੇ ਨੂੰ ਘੱਟ ਕਰਨ ਲਈ ਕਿਸੇ ਨਾ ਕਿਸੇ ਤਰ੍ਹਾਂ ਦੀ ਸਪੋਰਟ ਦੀ ਜ਼ਰੂਰਤ ਹੈ।
ਗੌਰਤਲਬ ਹੈ ਕਿ ਬ੍ਰਿਟਿਸ਼ ਕੋਲੰਬੀਆ ਨੇ ਆਪਣੇ ਇਲੈਕਟ੍ਰਿਕ ਵਾਹਨ ਰਿਬੇਟ ਪ੍ਰੋਗਰਾਮ ਤਹਿਤ ਲੋਕਾਂ ਨੂੰ ਇਲੈਕਟ੍ਰਿਕ ਵਾਹਨ ਅਪਣਾਉਣ ਨੂੰ ਉਤਸ਼ਾਹਿਤ ਕਰਨ ਲਈ $650 ਮਿਲੀਅਨ ਤੋਂ ਵੱਧ ਖ਼ਰਚ ਕੀਤੇ ਹਨ।