May 1, 2025 7:49 PM - Connect Newsroom
ਬ੍ਰਿਟਿਸ਼ ਕੋਲੰਬੀਆ ਦੇ ਦੱਖਣ-ਪੂਰਬੀ ਵਿਚ ਅੱਜ ਤੜਕੇ ਇੱਕ ਮਾਲਗੱਡੀ ਦੇ ਪਟੜੀ ਤੋਂ ਉਤਰਨ ਦੀ ਘਟਨਾ ਵਾਪਰੀ। ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ਼ ਕੈਨੇਡਾ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਡਿਪਾਰਟਮੈਂਟ ਮੁਤਾਬਕ, ਇਹ ਘਟਨਾ ਫੀਲਡ ਕਮਿਊਨਿਟੀ ਨੇੜੇ ਵਾਪਰੀ। ਇਸ ਵਿਚ ਕੈਨੇਡੀਅਨ ਪੈਸੀਫਿਕ ਕੈਨਸਸ ਸਿਟੀ ਦੀ ਮਾਲਗੱਡੀ ਸ਼ਾਮਲ ਸੀ।
ਕੈਨੇਡੀਅਨ ਪੈਸੀਫਿਕ ਕੈਨਸਸ ਸਿਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮਾਲਗੱਡੀ ਦੇ 8 ਡੱਬੇ ਫੀਲਡ ਕਮਿਊਨਿਟੀ ਤੋਂ ਲਗਭਗ 12 ਕਿਲੋਮੀਟਰ ਪੱਛਮ ਵਿਚ ਸਵੇਰ 4.30 ਵਜੇ ਦੇ ਕਰੀਬ ਪਟੜੀ ਤੋਂ ਉਤਰ ਗਏ। ਬੁਲਾਰੇ ਟੈਰੀ ਕੁਨਹਾ ਨੇ ਕਿਹਾ ਕਿ ਇਹ ਡੱਬੇ ਆਟੋਮੋਬਾਈਲਜ਼ ਲਿਜਾਣ ਲਈ ਬਣਾਏ ਗਏ ਸਨ। ਉਨ੍ਹਾਂ ਬਿਆਨ ਵਿਚ ਕਿਹਾ ਕਿ ਹਾਦਸੇ ਵਿਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਕਿਸੇ ਡੱਬੇ ਵਿਚ ਕੋਈ ਖਤਰਨਾਕ ਸਮਾਨ ਸ਼ਾਮਲ ਸੀ।
ਗੌਰਤਲਬ ਹੈ ਕਿ 2019 ਵਿਚ ਫੀਲਡ ਕਮਿਊਨਿਟੀ ਨੇੜੇ ਪਟੜੀ ਤੋਂ ਉਤਰੀ ਕੈਨੇਡੀਅਨ ਪੈਸੀਫਿਕ ਦੀ ਮਾਲਗੱਡੀ ਦੌਰਾਨ ਤਿੰਨ ਰੇਲ ਕਰਮਚਾਰੀਆਂ ਦੀ ਮੌਤ ਹੋ ਗਈ ਸੀ। ਉਸ ਦੌਰਾਨ ਮਾਲਗੱਡੀ ਦੇ ਦਰਜਨਾਂ ਡੱਬੇ ਅਤੇ ਦੋ ਇੰਜਣ ਪਟੜੀ ਤੋਂ ਉਤਰ ਗਏ ਸਨ।