May 2, 2025 6:09 PM - The Canadian Press
ਕੈਨੇਡਾ ਦੀ ਰਾਜਨੀਤੀ ਵਿਚ ਵੱਡਾ ਮੋੜ ਆਇਆ ਹੈ, ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦੀ ਸੰਸਦ ਵਿਚ ਵਾਪਸੀ ਹੋ ਸਕਦੀ ਹੈ। ਉਨ੍ਹਾਂ ਦੀ ਪਾਰਟੀ ਦੇ ਚੁਣੇ ਗਏ ਇੱਕ ਸੰਸਦ ਮੈਂਬਰ ਡੈਮੀਅਨ ਕੁਰੇਕ ਨੇ ਐਲਬਰਟਾ ਦੀ ਰਾਈਡਿੰਗ ਪੌਲੀਐਵ ਲਈ ਖਾਲੀ ਕਰਨ ਦੀ ਘੋਸ਼ਣਾ ਕੀਤੀ ਹੈ।
ਐਲਬਰਟਾ ਸੂਬੇ ਦੀ ਬੈਟਲ ਰਿਵਰ- ਕ੍ਰੋਫੁਟ ਤੋਂ ਭਾਰੀ ਵੋਟਾਂ ਨਾਲ ਜਿੱਤੇ ਡੈਮੀਅਨ ਨੇ ਕਿਹਾ ਕਿ ਉਹ ਪੌਲੀਐਵ ਲਈ ਰਾਹ ਬਣਾਉਣ ਵਾਸਤੇ ਸੰਸਦ ਵਿਚ ਆਪਣੀ ਸੀਟ ਤੋਂ ਅਸਤੀਫਾ ਦੇ ਦੇਣਗੇ। ਡੈਮੀਅਨ 2019 ਤੋਂ ਬੈਟਲ ਰਿਵਰ-ਕ੍ਰੋਫੁਟ ਰਾਈਡਿੰਗ ਦੀ ਨੁਮਾਇੰਦਗੀ ਕਰ ਰਹੇ ਹਨ।
ਡੈਮੀਅਨ ਨੇ 28 ਅਪ੍ਰੈਲ, ਸੋਮਵਾਰ ਨੂੰ ਹੋਈਆਂ ਚੋਣਾਂ ਵਿਚ ਆਪਣੇ ਮੁੱਖ ਵਿਰੋਧੀ ਲਿਬਰਲ ਉਮੀਦਵਾਰ ਨੂੰ 46,000 ਵੋਟਾਂ ਨਾਲ ਹਰਾਇਆ ਸੀ। ਗੌਰਤਲਬ ਹੈ ਕਿ ਐਲਬਰਟਾ-ਕੰਜ਼ਰਵੇਟਿਵ ਦਾ ਗੜ੍ਹ ਮੰਨਿਆ ਜਾਂਦਾ ਹੈ। ਉਧਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਸਪੱਸ਼ਟ ਕਰ ਚੁੱਕੇ ਹਨ ਕਿ ਜੇਕਰ ਕੰਜ਼ਰਵੇਟਿਵ-ਪੀਅਰ ਪੌਲੀਐਵ ਨੂੰ ਸੰਸਦ ਵਿਚ ਭੇਜਣ ਦੀ ਕੋਸ਼ਿਸ਼ ਵਿਚ ਜ਼ਿਮਨੀ ਚੋਣ ਲਈ ਕੋਈ ਸੀਟ ਖਾਲੀ ਕਰਵਾਉਂਦੇ ਹਨ ਤਾਂ ਉਹ ਬਿਨਾਂ ਕਿਸੇ ਸਿਆਸਤ ਦੇ ਜਿੰਨੀ ਜਲਦੀ ਹੋ ਸਕੇ ਜ਼ਿਮਨੀ ਚੋਣ ਨੂੰ ਮਨਜ਼ੂਰੀ ਦੇ ਦੇਣਗੇ।