Apr 29, 2025 5:13 PM - Connect Newsroom
ਕੈਨੇਡਾ ਦੇ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਲਿਬਰਲ ਲੀਡਰ ਮਾਰਕ ਕਾਰਨੀ ਨੂੰ ਚੋਣਾਂ ਵਿਚ ਜਿੱਤ ਦੀ ਵਧਾਈ ਦਿੱਤੀ ਹੈ। ਹਾਰਪਰ ਨੇ ਕਿਹਾ ਕਿ ਕੱਲ੍ਹ ਦਾ ਇਲੈਕਸ਼ਨ ਕੈਨੇਡਾ ਦੇ ਲੋਕਤੰਤਰ ਦੇ ਗੌਰਵਮਈ ਇਤਿਹਾਸ ਦਾ 45ਵਾਂ ਇਲੈਕਸ਼ਨ ਸੀ ਅਤੇ ਮੈਂ ਪ੍ਰਧਾਨ ਮੰਤਰੀ ਕਾਰਨੀ ਨੂੰ ਉਨ੍ਹਾਂ ਦੀ ਪਾਰਟੀ ਨੂੰ ਮਿਲੇ ਫ਼ਤਵੇ ਲਈ ਦਿਲੋਂ ਵਧਾਈਆਂ ਦੇਣਾ ਚਾਹੁੰਦਾ ਹਾਂ।
ਕੈਨੇਡਾ ਦੇ 22ਵੇਂ ਪ੍ਰਧਾਨ ਮੰਤਰੀ ਰਹੇ ਹਾਰਪਰ ਨੇ ਕਿਹਾ ਕਿ ਮੈਂ ਕਾਰਨੀ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਨੂੰ ਇਸ ਚੁਣੌਤੀਪੂਰਨ ਸਮੇਂ ਵਿਚ ਸਾਡੇ ਦੇਸ਼ ਨੂੰ ਅੱਗੇ ਵਧਾਉਣ ਵਿਚ ਸਫਲਤਾ ਹਾਸਲ ਕਰਨ ਦੀ ਵੀ ਕਾਮਨਾ ਕਰਦਾ ਹਾਂ।
ਇਸ ਦੇ ਨਾਲ ਹੀ ਉਨ੍ਹਾਂ ਪੀਅਰ ਪੌਲੀਐਵ ਅਤੇ ਕੰਜ਼ਰਵੇਟਿਵ ਪਾਰਟੀ ਦੀ ਵੀ ਪ੍ਰਸ਼ੰਸਾ ਕੀਤੀ, ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕੰਜ਼ਰਵੇਟਿਵ ਪਾਰਟੀ ਨੇ ਸੀਟਾਂ ਅਤੇ ਪ੍ਰਸਿੱਧ ਵੋਟ ਦੋਹਾਂ ਵਿਚ ਬੜ੍ਹਤ ਹਾਸਲ ਕੀਤੀ ਹੈ ਅਤੇ ਇਸ ਨੇ ਪੂਰੀ ਨਵੀਂ ਪੀੜ੍ਹੀ ਨੂੰ ਕੰਜ਼ਰਵੇਟਿਵ ਪਾਰਟੀ ਨਾਲ ਜੋੜਿਆ ਹੈ।