May 7, 2025 6:25 PM - Connect Newsroom
ਐਲਬਰਟਾ ਵਿਚ ਖਸਰੇ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ ਅਤੇ ਬੀਤੇ ਦਿਨ ਇਨ੍ਹਾਂ ਦੀ ਗਿਣਤੀ 287 ਤੱਕ ਪੁੱਜ ਗਈ। ਮੰਗਲਵਾਰ ਨਵੇਂ 22 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 17 ਸੂਬੇ ਦੇ ਸਾਊਥ ਜ਼ੋਨ ਤੋਂ ਹਨ।
ਕੈਲਗਰੀ ਦੇ ਇਲਾਕੇ ਤੋਂ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਮੈਡੀਕਲ ਅਧਿਕਾਰੀਆਂ ਵਲੋਂ ਕਈ ਮਹੀਨਿਆਂ ਤੋਂ ਸੂਬਾ ਸਰਕਾਰ 'ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਉਹ ਖਸਰੇ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਸੋਮਵਾਰ ਸਰਕਾਰ ਨੇ ਇਸ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ।
ਸੂਬੇ ਭਰ ਵਿਚ ਆਉਣ ਵਾਲੇ ਦਿਨਾਂ ਦੌਰਾਨ ਖਸਰੇ ਦਾ ਟੀਕਾਕਰਣ ਵਧਾ ਦਿੱਤਾ ਜਾਵੇਗਾ। ਐਲਬਰਟਾ ਵਾਸੀਆਂ ਲਈ ਹੌਟਲਾਈਨ ਵੀ ਤਿਆਰ ਕੀਤੀ ਗਈ ਹੈ, ਜਿੱਥੇ ਉਹ ਆਪਣੇ ਟੀਕਾਕਰਣ ਨੂੰ ਚੈੱਕ ਕਰ ਸਕਦੇ ਹਨ। ਸੂਬੇ ਸਣੇ ਕੈਨੇ਼ਡਾ ਵਿਚ ਇਸ ਬੀਮਾਰੀ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜੇ ਹਨ। ਇਸ ਸਾਲ ਵੱਡੀ ਗਿਣਤੀ ਵਿਚ ਲੋਕ ਇਸ ਦੇ ਸੰਪਰਕ ਵਿਚ ਆਏ ਹਨ।