Apr 29, 2025 5:09 PM - Connect Newsroom
ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦੇ ਰੂਪ ਵਿਚ ਚੁਣੇ ਜਾਣ ਮਗਰੋਂ ਲਿਬਰਲ ਪਾਰਟੀ ਦੇ ਲੀਡਰ ਮਾਰਕ ਕਾਰਨੀ ਨੇ ਆਪਣੇ ਜੇਤੂ ਭਾਸ਼ਣ ਵਿਚ ਰਾਸ਼ਟਰਪਤੀ ਡੋਨਲਡ ਟਰੰਪ 'ਤੇ ਨਿਸ਼ਾਨਾ ਸਾਧਿਆ। ਕਾਰਨੀ ਨੇ ਕਿਹਾ ਕਿ ਟਰੰਪ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਅਮਰੀਕਾ ਸਾਡੇ 'ਤੇ ਕਬਜ਼ਾ ਕਰ ਸਕੇ ਪਰ ਇਹ ਕਦੇ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਕੈਨੇਡਾ ਦੇ ਪੁਰਾਣੇ ਰਿਸ਼ਤੇ ਖ਼ਤਮ ਹੋ ਗਏ ਹਨ ਅਤੇ ਕੈਨੇਡੀਅਨਾਂ ਦੀ ਖੁਸ਼ਹਾਲੀ ਲਈ ਸਾਡੇ ਕੋਲ ਹੁਣ ਅਮਰੀਕਾ ਤੋਂ ਇਲਾਵਾ ਹੋਰ ਕਈ ਵਿਕਲਪ ਹਨ।
ਗੌਰਤਲਬ ਹੈ ਕਿ ਕਾਰਨੀ ਸਾਬਕਾ ਸੈਂਟਰਲ ਬੈਂਕ ਗਵਰਨਰ ਹਨ। ਉਨ੍ਹਾਂ ਦੀ ਅਗਵਾਈ ਵਿਚ ਲਿਬਰਲ ਚੌਥੀ ਵਾਰ ਸਰਕਾਰ ਬਣਾਉਣ ਜਾ ਰਹੇ ਹਨ। ਇਲੈਕਸ਼ਨਜ਼ ਕੈਨੇਡਾ ਦੇ ਨਤੀਜਿਆਂ ਮੁਤਾਬਕ, ਲਿਬਰਲਸ ਇਸ ਸਮੇਂ 168 ਸੀਟਾਂ 'ਤੇ ਹਨ, ਜੋ ਕਿ ਬਹੁਮਤ ਤੋਂ 4 ਸੀਟਾਂ ਘੱਟ ਹਨ।
ਲਿਬਰਲ ਨੂੰ ਕੇਜ਼ਰਵੇਟਿਵ ਤੋਂ ਸਖ਼ਤ ਟੱਕਰ ਮਿਲੀ ਹੈ, ਜੋ 144 ਸੀਟਾਂ ਨਾਲ ਇੱਕ ਵਾਰ ਫਿਰ ਪ੍ਰਮੁੱਖ ਵਿਰੋਧੀ ਧਿਰ ਵਿਚ ਹੋਵੇਗੀ। ਉਥੇ ਹੀ, ਇਨ੍ਹਾਂ ਦੋਹਾਂ ਪਾਰਟੀਆਂ ਦੇ ਮੁਕਾਬਲੇ ਵਿਚਕਾਰ ਐੱਨਡੀਪੀ 24 ਸੀਟਾਂ ਤੋਂ 7 ਸੀਟਾਂ 'ਤੇ ਆ ਗਈ ਹੈ।