May 7, 2025 1:14 PM - The Canadian Press
ਐਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਲਈ ਸੰਭਾਵੀ ਰਿਫਰੈਂਡਮ ਕਰਵਾਉਣ ਦੀ ਘੋਸ਼ਣਾ ਮਗਰੋਂ ਬੀਤੇ ਦਿਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇਸ ਦੀ ਨਿੰਦਾ ਕੀਤੀ। ਪ੍ਰੀਮੀਅਰ ਡੈਨੀਅਲ ਸਮਿਥ ਨੇ ਫੋਰਡ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਆਪਣੇ ਕੰਮ ਨਾਲ ਮਤਲਬ ਰੱਖਣ ਕਿਉਂਕ ਇਹ ਉਨ੍ਹਾਂ ਦੇ ਸੂਬੇ ਦਾ ਮਾਮਲਾ ਹੈ। ਸਮਿਥ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਨਹੀਂ ਸਿਖਾਉਂਦੀ ਕਿ ਓਨਟਾਰੀਓ ਨੂੰ ਕਿਵੇਂ ਚਲਾਇਆ ਜਾਵੇ ਅਤੇ ਉਨ੍ਹਾਂ ਨੂੰ ਵੀ ਨਾ ਦੱਸਿਆ ਜਾਵੇ ਕਿ ਐਲਬਰਟਾ ਨੂੰ ਕਿਵੇਂ ਚਲਾਉਣਾ ਹੈ।
ਸਮਿਥ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ ਨਹੀਂ ਚਾਹੁੰਦੀ ਕਿ ਐਲਬਰਟਾ ਕੈਨੇਡਾ ਤੋਂ ਵੱਖ ਹੋਵੇ ਪਰ ਜੇਕਰ ਵੱਡੀ ਗਿਣਤੀ ਵਿਚ ਵੋਟਰਜ਼ ਇਸ ਲਈ ਪਟੀਸ਼ਨ ਦਾਇਰ ਕਰਦੇ ਹਨ ਤਾਂ ਅਗਲੇ ਸਾਲ ਇਸ 'ਤੇ ਰਿਫਰੈਂਡਮ ਹੋ ਸਕਦਾ ਹੈ। ਫੋਰਡ ਨੇ ਸਮਿਥ ਦਾ ਨਾਂ ਲਏ ਬਿਨਾਂ ਮੰਗਲਵਾਰ ਕਿਹਾ ਸੀ ਕਿ ਅਮਰੀਕਾ ਨਾਲ ਟੈਰਿਫ ਯੁੱਧ ਲਈ ਕੈਨੇਡਾ ਦੀ ਏਕਤਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਵਾਸੀਆਂ ਦੇ ਏਕਤਾ ਦਿਖਾਉਣ ਦਾ ਸਮਾਂ ਹੈ ਨਾ ਕਿ ਉਨ੍ਹਾਂ ਨੂੰ ਦੇਸ਼ ਛੱਡਣ ਬਾਰੇ ਸੋਚਣਾ ਚਾਹੀਦਾ ਹੈ। ਸੂਬਾ ਵਾਸੀਆਂ ਦਾ ਦੋਸ਼ ਹੈ ਕਿ ਫੈਡਰਲ ਸਰਕਾਰ ਨੇ ਉਨ੍ਹਾਂ ਦੀ ਆਰਥਿਕਤਾ ਅਤੇ ਹੋਰ ਖੇਤਰਾਂ ਵਿਚ ਵਿਕਾਸ ਨੂੰ ਰੋਕਿਆ ਹੈ।