Apr 30, 2025 5:35 PM - Connect Newsroom
ਕੈਨੇਡਾ ਵਿਚ ਲਿਬਰਲ ਪਾਰਟੀ ਮਾਰਕ ਕਾਰਨੀ ਦੀ ਅਗਵਾਈ ਵਿਚ 169 ਸੀਟਾਂ ਨਾਲ ਘੱਟ ਗਿਣਤੀ ਸਰਕਾਰ ਬਣਾ ਰਹੀ ਹੈ,ਬਹੁਮਤ ਲਈ ਇਹ ਮਹਿਜ ਤਿੰਨ ਸੀਟਾਂ ਪੱਛੜ ਗਈ। ਉਥੇ ਹੀ,ਕੰਜ਼ਰਵੇਟਿਵ 144 ਸੀਟਾਂ ਨਾਲ ਮੁੱਖ ਵਿਰੋਧੀ ਵਿਚ ਬੈਠਣਗੇ। ਬਲਾਕ ਕਿਊਬੈਕਵਾ ਕੋਲ ਇਸ ਵਾਰ 22 ਸੀਟਾਂ ਹਨ ਅਤੇ ਐਨ.ਡੀ.ਪੀ. ਨੇ ਸਿਰਫ 7 ਸੀਟਾਂ ਨਾਲ ਹਾਊਸ ਆਫ ਕਾਮਨਜ਼ ਵਿਚ ਜਗ੍ਹਾ ਬਣਾਈ ਹੈ, ਜੋ ਅਧਿਕਾਰਤ ਪਾਰਟੀ ਦੀ ਸਥਿਤੀ ਲਈ ਚਾਹੀਦੀਆਂ ਘੱਟੋ-ਘੱਟ 12 ਸੀਟਾਂ ਤੋਂ ਪੱਛੜ ਗਈ।
ਅਧਿਕਾਰਤ ਸਥਿਤੀ ਪਾਰਟੀਆਂ ਨੂੰ ਸੰਸਦੀ ਕਮੇਟੀਆਂ ਵਿਚ ਬੈਠਣ ਅਤੇ ਪ੍ਰਸ਼ਨ ਕਾਲ ਦੌਰਾਨ ਜ਼ਿਆਦਾ ਸਵਾਲ ਪੁੱਛਣ ਦਾ ਅਧਿਕਾਰ ਦਿੰਦਾ ਹੈ। ਨਿਊ ਡੈਮੋਕ੍ਰੇਟਸ ਵਿਚੋਂ ਇੱਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਆਪਣੇ 17 ਸੰਸਦ ਮੈਂਬਰ ਦੇ ਹਾਰਨ ਦੇ ਬਾਵਜੂਦ ਅਧਿਕਾਰਤ ਦਰਜਾ ਬਰਕਰਾਰ ਰੱਖਣ ਲਈ ਸੰਸਦ ਵਿਚ ਪ੍ਰਸਤਾਵ ਲਿਆਏਗੀ।
ਵੈਨਕੂਵਰ ਕਿੰਗਸਵੇ ਤੋਂ ਚੋਣ ਜਿੱਤੇ ਨਿਊ ਡੈਮੋਕ੍ਰੇਟਸ ਡਾਨ ਡੇਵਿਸ ਨੇ ਕਿਹਾ ਕਿ ਅਧਿਕਾਰੀ ਪਾਰਟੀ ਦੇ ਦਰਜੇ ਲਈ ਸੀਟਾਂ ਦੀ ਗਿਣਤੀ ਦਾ ਕੋਈ ਤੁਕ ਨਹੀਂ ਅਤੇ ਰਾਜਨੀਤੀ ਵਿਚ ਕੁਝ ਵੀ ਸੰਭਵ ਹੈ। ਡੇਵਿਸ ਨੇ ਕਿਹਾ ਕਿ ਸੰਸਦ ਵਿਚ ਐਨ.ਡੀ.ਪੀ. ਦੀ ਨੁਮਾਇੰਦਗੀ ਹੋਣਾ ਬਹੁਤ ਜ਼ਰੂਰੀ ਹੈ ਅਤੇ ਉਹ ਸਦਨ ਦੀ ਨਵੀਂ ਬੈਠਕ ਸ਼ੁਰੂ ਹੋਣ ਤੋਂ ਬਾਅਦ ਇਸ ਸਬੰਧੀ ਪ੍ਰਸਤਾਵ ਪੇਸ਼ ਕਰਨ ਲਈ ਆਪਣੇ ਸਾਥੀਆਂ ਨਾਲ ਗੱਲਬਾਤ ਕਰਨਗੇ।