May 6, 2025 4:01 PM - The Canadian Press
ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਵ੍ਹਾਈਟ ਹਾਊਸ ਵਿਚ ਟਰੰਪ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਦੋਹਾਂ ਲੀਡਰਾਂ ਵਿਚਾਲੇ ਇਹ ਪਹਿਲੀ ਆਹਮੋ-ਸਾਹਮਣੇ ਮੁਲਾਕਾਤ ਉਦੋਂ ਹੋ ਰਹੀ ਹੈ ਜਦੋਂ ਕੈਨੇਡਾ ਅਤੇ ਅਮਰੀਕਾ ਦੇ ਦੁਵੱਲੇ ਸਬੰਧ ਦਹਾਕਿਆਂ ਵਿਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਹਨ ਅਤੇ ਟਰੇਡ ਵਾਰ ਚੱਲ ਰਹੀ ਹੈ। ਕਾਰਨੀ ਬੀਤੇ ਕੱਲ੍ਹ ਵਾਸ਼ਿੰਗਟਨ ਪਹੁੰਚੇ ਸਨ। ਹੁਣ ਤੱਕ ਕੈਨੇਡਾ ਅਮਰੀਕਾ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ ਹੈ ਪਰ ਹਾਲ ਹੀ ਦੇ ਮਹੀਨਿਆਂ ਵਿਚ ਟਰੰਪ ਦੇ ਹਮਲਾਵਰ ਟੈਰਿਫ ਨੇ ਲੰਬੇ ਸਮੇਂ ਤੋਂ ਚੱਲ ਰਹੇ ਰਿਸ਼ਤੇ ਨੂੰ ਕਮਜ਼ੋਰ ਕੀਤਾ ਹੈ।
ਟਰੰਪ ਦੇ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਸੋਮਵਾਰ ਨੂੰ ਇੱਕ ਚੈਨਲ ਨੂੰ ਬਿਆਨ ਵਿਚ ਕਿਹਾ ਕਿ ਕੈਨੇਡਾ ਨਾਲ ਡੀਲ ਸੰਭਵ ਹੈ ਪਰ ਇਹ ਕਾਫ਼ੀ ਕੰਪਲੈਕਸ ਹੋ ਸਕਦੀ ਹੈ। ਕਾਰਨੀ ਅਤੇ ਟਰੰਪ ਦੀ ਮੁਲਾਕਾਤ ਵਿਚ ਇਹ ਵੀ ਗੱਲ ਸਪੱਸ਼ਟ ਹੋਣ ਦੀ ਉਮੀਦ ਹੈ ਕਿ ਰਾਸ਼ਟਰਪਤੀ ਅਗਲੇ ਮਹੀਨੇ ਕੈਨੇਡਾ ਵਿਚ ਹੋਣ ਵਾਲੇ ਜੀ-7 ਸੰਮੇਲਨ ਵਿਚ ਸ਼ਾਮਲ ਹੋਣਗੇ ਜਾਂ ਨਹੀਂ।
ਰਿਪੋਰਟਸ ਦੀ ਮੰਨੀਏ ਤਾਂ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਜੂਨ ਵਿਚ ਐਲਬਰਟਾ ਦੇ ਕਨਨਾਸਕਿਸ ਵਿਚ ਹੋਣ ਵਾਲੀ ਜੀ-7 ਦੀ ਮੀਟਿੰਗ ਵਿਚ ਸ਼ਾਮਲ ਹੋਣ ਬਾਰੇ ਹੁਣ ਤੱਕ ਕੋਈ ਅੰਤਿਮ ਫੈਸਲਾ ਨਹੀਂ ਲਿਆ ਹੈ।