May 6, 2025 12:53 PM - The Canadian Press
ਐਲਬਰਟਾ ਵਿਚ ਕੈਨੇਡਾ ਤੋਂ ਵੱਖ ਹੋਣ ਲਈ ਰਿਫਰੈਂਡਮ 2026 ਵਿਚ ਹੋ ਸਕਦਾ ਹੈ। ਪ੍ਰੀਮੀਅਰ ਡੈਨੀਅਲ ਸਮਿਥ ਨੇ ਘੋਸ਼ਣਾ ਕੀਤੀ ਕਿ ਜੇਕਰ ਪਟੀਸ਼ਨ ਲਈ ਚਾਹੀਦੇ ਲੋੜੀਂਦੇ ਦਸਤਖ਼ਤ ਸੂਬਾ ਵਾਸੀਆਂ ਵਲੋਂ ਮਿਲ ਜਾਂਦੇ ਹਨ ਤਾਂ ਉਹ ਰਿਫਰੈਂਡਮ ਲਈ ਹਰੀ ਝੰਡੀ ਦੇ ਦੇਣਗੇ। ਸਮਿਥ ਦੇ ਇਸ ਕਦਮ ਨਾਲ ਕੈਨੇਡਾ ਦੀ ਰਾਜਨੀਤੀ ਦਾ ਪਾਰਾ ਵਧਣਾ ਤੈਅ ਹੈ।
ਪ੍ਰੀਮੀਅਰ ਨੇ ਸੋਮਵਾਰ ਸ਼ਾਮ ਇਕ ਲਾਈਵਸਟ੍ਰੀਮ ਸੰਬੋਧਨ ਵਿਚ ਕਿਹਾ ਕਿ ਉਹ ਇਕ ਸੰਯੁਕਤ ਕੈਨੇਡਾ ਦੇ ਅੰਦਰ ਇਕ ਖੁਦਮੁਖਤਿਆਰ ਸੰਪੰਨ ਐਲਬਰਟਾ ਚਾਹੁੰਦੇ ਹਨ ਪਰ ਉਨ੍ਹਾਂ ਐਲਬਰਟਾ ਵਾਸੀਆਂ ਦੀ ਗਿਣਤੀ ਵੱਧ ਰਹੀ ਹੈ ਜੋ ਕਨਫੈਡਰੇਸ਼ਨ ਤੋਂ ਨਾਖੁਸ਼ ਹਨ ਅਤੇ ਇਸ ਤੋਂ ਬਾਹਰ ਨਿਕਲਣ ਲਈ ਪਟੀਸ਼ਨਾਂ ਦਾ ਆਯੋਜਨ ਕਰ ਰਹੇ ਹਨ। ਪ੍ਰੀਮੀਅਰ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੀ ਆਵਾਜ਼ ਦੱਬੀ ਨਹੀਂ ਜਾ ਸਕਦੀ, ਇਹ ਸਾਰੇ ਵਫਾਦਾਰ ਅਲਬਰਟਨਜ਼ ਹਨ, ਉਹ ਨਿਰਾਸ਼ ਹਨ ਅਤੇ ਉਨ੍ਹਾਂ ਦੀ ਨਾਰਾਜ਼ਗੀ ਦੇ ਕਾਫੀ ਸਾਰੇ ਕਾਰਨ ਹਨ। ਸਮਿਥ ਨੇ ਪਿਛਲੇ ਹਫਤੇ ਵਿਧਾਨਸਭਾ ਵਿਚ ਬਿੱਲ ਪੇਸ਼ ਕੀਤਾ ਹੈ ਜਿਸ ਤਹਿਤ ਰਿਫਰੈਂਡਮ ਕਰਵਾਉਣ ਸੌਖਾ ਹੋ ਜਾਵੇਗਾ। ਇਸ ਲਈ ਪਟੀਸ਼ਨ 'ਤੇ 10 ਫੀਸਦੀ ਵੋਟਰਜ਼ ਦੇ ਦਸਤਖ਼ਤ ਹੋਣੇ ਜ਼ਰੂਰੀ ਹਨ ਅਤੇ ਉਨ੍ਹਾਂ ਕੋਲ ਇਸ ਲਈ 120 ਦਿਨਾਂ ਦਾ ਸਮਾਂ ਹੋਵੇਗਾ। ਇਸ ਤੋਂ ਪਹਿਲਾਂ ਇਸ ਲਈ 20 ਫੀਸਦੀ ਵੋਟਰਜ਼ ਦੇ ਦਸਤਖ਼ਤ ਚਾਹੀਦੇ ਸਨ ਅਤੇ 90 ਦਿਨਾਂ ਦਾ ਸਮਾਂ ਨਿਸ਼ਚਿਤ ਸੀ।