May 5, 2025 12:22 PM - Connect Newsroom
ਇੰਸਟਾਗ੍ਰਾਮ ਨੇ ਭਾਰਤ 'ਚ ਕਈ ਪ੍ਰਮੁੱਖ ਪਾਕਿਸਤਾਨੀ ਹਸਤੀਆਂ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਭਾਰਤ 'ਚ ਪਾਕਿਸਤਾਨੀ ਅਭਿਨੇਤਾ ਫਵਾਦ ਖਾਨ, ਗਾਇਕ ਆਤਿਫ ਅਸਲਮ ਅਤੇ ਰਾਹਤ ਫਤਿਹ ਅਲੀ ਖਾਨ ਦੇ ਇੰਸਟਾਗ੍ਰਾਮ ਅਕਾਉਂਟ ਤੱਕ ਵੀ ਪਹੁੰਚ ਨਹੀਂ ਹੋ ਸਕੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਹਿਲਗਾਮ 'ਚ ਹੋਏ ਇਕ ਅੱਤਵਾਦੀ ਹਮਲੇ 'ਚ 26 ਭਾਰਤੀ ਨਾਗਰਿਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖ਼ਮੀ ਹੋਏ ਸਨ। ਉਸ ਹਮਲੇ ਤੋਂ ਪਿਛੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧ ਰਹੇ ਤਣਾਅ ਵਿੱਚ ਭਾਰਤ ਵਲੋਂ ਅਜਿਹੇ ਕਈ ਕਦਮ ਚੁੱਕੇ ਗਏ, ਜਿਨ੍ਹਾਂ 'ਚ ਪਾਕਿਸਤਾਨ ਦੀਆਂ ਪ੍ਰਮੁੱਖ ਹਸਤੀਆਂ ਦੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਗਏ। ਪਿਛਲੇ ਦਿਨੀਂ ਹਾਨੀਆ ਆਮਿਰ, ਮਾਹਿਰਾ ਖਾਨ ਨਾਲ ਸੰਬੰਧਿਤ ਪ੍ਰੋਫਾਈਲ ਨੂੰ ਵੀ ਬਲਾਕ ਕਰ ਦਿੱਤਾ ਗਿਆ ਸੀ।
ਕੁਝ ਹੋਰ ਪਾਕਿਸਤਾਨੀ ਕਲਾਕਾਰ ਜਿਨ੍ਹਾਂ ਤੇ ਪਾਬੰਦੀਆਂ ਲਗਾਈਆ ਗਈਆਂ ਹਨ, ਉਨ੍ਹਾਂ 'ਚ ਸਨਮ ਸਈਦ,ਬਿਲਾਲ ਅੱਬਾਸ,ਇਕਰਾ ਅਜ਼ੀਜ਼,ਇਮਰਾਨ ਅੱਬਾਸ ਅਤੇ ਸਜਲ ਅਲੀ ਵੀ ਸ਼ਾਮਲ ਹਨ। ਹੁਣ ਜਦੋਂ ਭਾਰਤ 'ਚ ਕੋਈ ਵੀ ਇਨ੍ਹਾਂ ਖਾਤਿਆਂ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਇਹ ਸੰਦੇਸ਼ ਮਿਲਦਾ ਹੈ ਕਿ ਇਹ ਖਾਤਾ ਭਾਰਤ 'ਚ ਉਪਲੱਬਧ ਨਹੀਂ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਵਲੋਂ 16 ਯੂ-ਟਿਊਬ ਚੈਨਲਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਫਵਾਦ ਖਾਨ ਦੀ ਖਾਨ ਦੀ ਆਉਣ ਵਾਲੀ ਫਿਲਮ 'ਅਬੀਰ ਗੁਲਾਲ' ਦੇ ਫਿਲਮ 'ਤੇ ਵੀ ਭਾਰਤ 'ਚ ਰਿਲੀਜ਼ ਹੋਣ ਤੇ ਰੋਕ ਲਗਾ ਦਿੱਤੀ ਗਈ ਹੈ।