May 8, 2025 3:36 PM - Connect Newsroom
ਵੈਨਕੂਵਰ ਦੇ ਫਾਇਰ ਫਾਈਟਰਜ਼ ਨੇ ਲੋਕਾਂ ਨੂੰ ਆਪਣੇ ਘਰਾਂ ਵਿਚ ਧੂੰਏਂ ਦਾ ਪਤਾ ਲਗਾਉਣ ਵਾਲੇ ਯੰਤਰ ਚਾਲੂ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਕ ਘਰ ਵਿਚ 7 ਵਿਅਕਤੀ ਸੌਂ ਰਹੇ ਸਨ ਅਤੇ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਘਰ ਦੀ ਛੱਤ ਅੱਗ ਦੀਆਂ ਲਪਟਾਂ ਵਿਚ ਘਿਰੀ ਹੋਈ ਹੈ। ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲੇ ਵਿਅਕਤੀ ਨੇ ਇਸ ਸਬੰਧੀ ਉਨ੍ਹਾਂ ਨੂੰ ਸੂਚਨਾ ਦਿੱਤੀ।
ਫਾਇਰ ਫਾਈਟਰਜ਼ ਦਰਵਾਜ਼ਾ ਤੋੜ ਕੇ ਘਰ ਅੰਦਰ ਗਏ ਅਤੇ ਸਥਿਤੀ ਸੰਭਾਲ ਲਈ। ਕਰੂ ਨੇ ਜਲਦੀ ਨਾਲ ਅੱਗ ਕਾਬੂ ਕਰ ਲਈ ਅਤੇ ਭਾਰੀ ਨੁਕਸਾਨ ਹੋਣ ਤੋਂ ਬਚਾਅ ਕਰ ਲਿਆ । ਉਨ੍ਹਾਂ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਵਿਚ ਖਰਾਬੀ ਕਾਰਨ ਛੱਤ ਨੂੰ ਅੱਗ ਲੱਗ ਗਈ ਸੀ।
ਉਨ੍ਹਾਂ ਕਿਹਾ ਕਿ ਪੁਰਾਣੇ ਘਰਾਂ ਨਾਲੋਂ ਨਵੇਂ ਅਤੇ ਮੌਡਰਨ ਘਰ ਜਲਦੀ ਗਰਮ ਹੋ ਜਾਂਦੇ ਹਨ ਅਤੇ ਅੱਗ ਵਿਚ ਝੁਲਸ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਿਲਡਿੰਗ ਅੰਦਰ ਮੌਜੂਦ ਲੋਕਾਂ ਨੂੰ ਅਲਰਟ ਕਰਨ ਲਈ ਧੂੰਏਂ ਦਾ ਪਤਾ ਲਗਾਉਣ ਵਾਲੇ ਯੰਤਰ ਮਦਦਗਾਰ ਹੁੰਦੇ ਹਨ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ।