May 7, 2025 6:03 PM - Connect Newsroom
ਪਾਕਿਸਤਾਨ ਵਿਚ ਭਾਰਤ ਦੇ ਹਵਾਈ ਹਮਲੇ 'ਤੇ ਅਮਰੀਕਾ, ਚੀਨ, ਰੂਸ ਅਤੇ ਕਤਰ ਸਮੇਤ ਕਈ ਦੇਸ਼ਾਂ ਨੇ ਦੋਵਾਂ ਧਿਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਭਾਰਤ ਨੇ ਮੰਗਲਵਾਰ ਦੇਰ ਰਾਤ ਨੂੰ ਪਾਕਿਸਤਾਨ ਦੇ ਅੰਦਰ ਹਵਾਈ ਹਮਲੇ ਕੀਤੇ ਸਨ। ਪਾਕਿਸਤਾਨ ਦਾ ਕਹਿਣਾ ਹੈ ਕਿ ਇਸ ਹਮਲੇ ਵਿਚ 26 ਲੋਕ ਮਾਰੇ ਗਏ ਹਨ ਅਤੇ 46 ਜ਼ਖਮੀ ਹੋਏ ਹਨ।
ਸੰਯੁਕਤ ਰਾਸ਼ਟਰ ਅਤੇ ਕਈ ਦੇਸ਼ਾਂ ਨੇ ਦੋਵਾਂ ਧਿਰਾਂ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਦੀ ਅਪੀਲ ਕੀਤੀ ਹੈ, ਜਦੋਂ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਮੀਦ ਜਤਾਈ ਹੈ ਕਿ ਤਣਾਅ ਜਲਦ ਹੀ ਖਤਮ ਹੋ ਜਾਵੇਗਾ।
ਪਾਕਿਸਤਾਨ ਨਾਲ ਤਣਾਅ ਵਿਚਕਾਰ ਈਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਗਚੀ ਦਿੱਲੀ ਪਹੁੰਚ ਰਹੇ ਹਨ। ਈਰਾਨ ਪਹਿਲਾਂ ਹੀ ਦੋਵਾਂ ਦੇਸ਼ਾਂ ਵਿਚਕਾਰ ਵਿਚੋਲਗੀ ਦੀ ਪੇਸ਼ਕਸ਼ ਕਰ ਚੁੱਕਾ ਹੈ। ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਵਿਚ ਕਿਹਾ ਕਿ ਅਰਾਗਚੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੁਲਾਕਾਤ ਕਰਨਗੇ।