May 7, 2025 4:38 PM - Connect Newsroom
ਮੈਟਰੋ ਵੈਨਕੂਵਰ ਵਿਚ ਬੁੱਧਵਾਰ ਨੂੰ ਗੈਸ ਕੀਮਤਾਂ 8 ਸੈਂਟ ਪ੍ਰਤੀ ਲਿਟਰ ਵਧੀਆਂ ਹਨ ਅਤੇ ਇਸ ਹਫ਼ਤੇ ਦੇ ਅੰਤ ਵਿਚ ਇਨ੍ਹਾਂ ਦੇ ਹੋਰ ਵੀ ਵਧਣ ਦੀ ਸੰਭਾਵਨਾ ਹੈ। ਪੈਟਰੋਲੀਅਮ ਵਿਸ਼ਲੇਸ਼ਕ ਡੈਨ ਮੈਕਟੀਗ ਦਾ ਕਹਿਣਾ ਹੈ ਕਿ ਕੈਲੀਫੋਰਨੀਆ ਵਿਚ ਰਿਫਾਇਨਰੀ ਵਿਚ ਅੱਗ ਲੱਗਣ ਦੀ ਹੋਈ ਘਟਨਾ ਕਾਰਨ ਕੀਮਤਾਂ ਵਧਣ ਦੀ ਉਮੀਦ ਹੈ।
ਉਨ੍ਹਾਂ ਮੁਤਾਬਕ, ਵੀਰਵਾਰ ਨੂੰ ਕੀਮਤਾਂ ਵਿਚ ਦੋ ਸੈਂਟ ਪ੍ਰਤੀ ਲਿਟਰ ਦਾ ਹੋਰ ਵਾਧਾ ਹੋ ਸਕਦਾ ਹੈ ਅਤੇ ਇਹ 174.9 ਸੈਂਟ ਪ੍ਰਤੀ ਲਿਟਰ ਨੂੰ ਛੂਹ ਸਕਦੀਆਂ ਹਨ। ਮੈਕਟੀਗ ਨੇ ਕਿਹਾ ਕਿ ਗੈਸ ਭਰਵਾਉਣ ਦਾ ਸਭ ਤੋਂ ਵਧੀਆ ਸਮਾਂ ਸ਼ਾਮ ਦਾ ਹੋ ਸਕਦਾ ਹੈ ਜਦੋਂ ਕੁਝ ਪੰਪ ਆਪਣੇ ਰਿਟੇਲ ਮਾਰਜਨ ਨੂੰ ਘੱਟ ਕਰ ਦਿੰਦੇ ਹਨ।
ਉਥੇ ਹੀ, ਵਾਹਨ ਚਾਲਕ ਜੇ ਗੈਸ ਭਰਵਾਉਣ ਲਈ ਅਮਰੀਕਾ ਜਾਂਦੇ ਹਨ ਤਾਂ ਉਨ੍ਹਾਂ ਨੂੰ ਪ੍ਰਤੀ ਲਿਟਰ 20 ਸੈਂਟ ਦੀ ਬਚਤ ਹੋ ਸਕਦੀ ਹੈ ਪਰ ਬਾਏ ਲੋਕਲ ਮੂਵਮੈਂਟ ਦੇ ਸਮਰਥਨ ਵਿਚ ਬਹੁਤ ਸਾਰੇ ਲੋਕ ਅਜਿਹਾ ਨਹੀਂ ਕਰ ਰਹੇ ਹਨ।
ਗੌਰਤਲਬ ਹੈ ਕਿ ਟਰੰਪ ਦੇ ਵਪਾਰ ਯੁੱਧ ਅਤੇ ਕਾਰਬਨ ਟੈਕਸ 'ਤੇ ਰੋਕ ਨੇ ਕੀਮਤਾਂ ਨੂੰ ਪਿਛਲੇ ਮਹੀਨੇ ਉਸ ਨੀਵੇਂ ਪੱਧਰ 'ਤੇ ਪਹੁੰਚਾ ਦਿੱਤਾ ਸੀ, ਜੋ ਸਾਲਾਂ ਵਿਚ ਕਦੇ ਨਹੀਂ ਵੇਖੀਆਂ ਗਈਆਂ ਸਨ।