May 7, 2025 5:13 PM - Connect Newsroom
ਕੈਨੇਡਾ ਦੀ ਵਰਲਡ ਜੂਨੀਅਰ ਹਾਕੀ ਟੀਮ ਦੇ ਪੰਜ ਸਾਬਕਾ ਖਿਡਾਰੀਆਂ ਨਾਲ ਜੁੜੇ ਜਿਨਸੀ ਹਮਲੇ ਦੀ ਸੁਣਵਾਈ ਵਿਚ ਅੱਜ ਬਚਾਅ ਪੱਖ ਦੇ ਵਕੀਲ ਵਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਦੀ ਕਰਾਸ ਜਾਂਚ ਕੀਤੀ ਜਾ ਰਹੀ ਹੈ।
ਮਾਈਕਲ ਮੈਕਲੋਡ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਵਿਚੋਂ ਇੱਕ ਨੇ ਮੰਗਲਵਾਰ ਕੋਰਟ ਨੂੰ ਕਿਹਾ ਸੀ ਕਿ ਸ਼ਿਕਾਇਤਕਰਤਾ ਨੇ ਮੈਕਲੋਡ ਨਾਲ ਸੰਬਧ ਬਣਾਉਣ ਤੋਂ ਬਾਅਦ ਦੂਜੇ ਖਿਡਾਰੀਆਂ ਨੂੰ ਹੋਟਲ ਦੇ ਕਮਰੇ ਵਿਚ ਲਿਆਉਣ ਲਈ ਕਿਹਾ ਸੀ। ਲੜਕੀ ਜਿਸ ਦੀ ਪਛਾਣ ਪ੍ਰਕਾਸ਼ਨ ਪਾਬੰਦੀ ਤਹਿਤ ਗੁਪਤ ਰੱਖੀ ਗਈ ਹੈ, ਉਸ ਦਾ ਕਹਿਣਾ ਸੀ ਕਿ ਉਸ ਨੂੰ ਅਜਿਹਾ ਕੁਝ ਯਾਦ ਨਹੀਂ ਅਤੇ ਨਾ ਹੀ ਉਸ ਨੂੰ ਲੱਗਦਾ ਹੈ ਕਿ ਉਸ ਨੇ ਅਜਿਹਾ ਕਿਹਾ ਹੋਵੇਗਾ।
ਉਸ ਨੇ ਪਹਿਲਾਂ ਗਵਾਹੀ ਦਿੱਤੀ ਸੀ ਕਿ ਜਦੋਂ ਖਿਡਾਰੀ ਉਸ ਦੇ ਕਮਰੇ ਵਿਚ ਆਉਣੇ ਸ਼ੁਰੂ ਹੋਏ ਤਾਂ ਉਹ ਨਗਨ ਸੀ ਅਤੇ ਡਰੀ ਹੋਈ ਸੀ ਅਤੇ ਉਸ ਨੂੰ ਲੱਗਾ ਕਿ ਹੁਣ ਉਸ ਕੋਲ ਕੋਈ ਵਿਕਲਪ ਨਹੀਂ। ਗੌਰਤਲਬ ਹੈ ਕਿ ਮੈਕਲੋਡ ਅਤੇ ਉਸ ਦੇ ਸਾਬਕਾ ਟੀਮ ਸਾਥੀ ਕਾਰਟਰ ਹਾਰਟ, ਅਲੈਕਸ ਫੋਰਮੈਂਟਨ, ਡਿਲਨ ਡੂਬੇ ਅਤੇ ਕੈਲਨ ਫੁੱਟ ਨੇ ਜੂਨ 2018 ਦੇ ਇਸ ਮਾਮਲੇ ਵਿਚ ਕਿਸੇ ਵੀ ਦੋਸ਼ ਨੂੰ ਸਵੀਕਾਰ ਨਹੀਂ ਕੀਤਾ ਹੈ।