May 8, 2025 6:11 PM - The Canadian Press
ਐਲਬਰਟਾ ਵਿਧਾਨਸਭਾ ਦੇ ਸਪੀਕਰ ਨੇਥਨ ਕੂਪਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਅਗਲੇ ਮਹੀਨੇ ਤੋਂ ਸੰਯੁਕਤ ਰਾਜ ਅਮਰੀਕਾ ਵਿਚ ਸੂਬੇ ਦੇ ਪ੍ਰਤੀਨਿਧੀ ਵਜੋਂ ਕੰਮ ਕਰਨ ਜਾ ਰਹੇ ਹਨ। ਉਹ ਡੀ.ਸੀ. ਵਿਚ ਐਡਮਿੰਟਨ ਦੇ ਸਾਬਕਾ ਕੰਜ਼ਰਵੇਟਿਵ ਸੰਸਦ ਮੈਂਬਰ ਜੇਮਜ਼ ਰਾਜੋਟ ਦੀ ਥਾਂ ਲੈਣਗੇ। ਉਹ ਕਰੀਬ 10 ਸਾਲਾਂ ਤੋਂ ਓਲਡਸ-ਡਿੱਡਸਬਰੀ-ਥ੍ਰੀ ਹਿਲਜ਼ ਤੋਂ ਐਮ.ਐਲ.ਏ ਹਨ।
2019 ਦੀਆਂ ਚੋਣਾਂ ਮਗਰੋਂ ਐਮ.ਐਲ.ਏ ਵਲੋਂ ਉਨ੍ਹਾਂ ਨੂੰ ਵਿਧਾਨਸਭਾ ਦਾ ਸਪੀਕਰ ਚੁਣਿਆ ਗਿਆ ਅਤੇ 2023 ਦੀਆਂ ਚੋਣਾਂ ਮਗਰੋਂ ਉਹ ਮੁੜ ਚੁਣੇ ਗਏ। ਉਨ੍ਹਾਂ ਬੁੱਧਵਾਰ ਦੱਸਿਆ ਕਿ ਪ੍ਰੀਮੀਅਰ ਡੈਨੀਅਲ ਸਮਿਥ ਨੇ ਉਨ੍ਹਾਂ ਨੂੰ ਇਸ ਨਵੇਂ ਅਹੁਦੇ ਦਾ ਔਫਰ ਕੀਤਾ ਅਤੇ ਉਨ੍ਹਾਂ ਨੇ ਸਵਿਕਾਰ ਕਰ ਲਿਆ।
ਸਮਿਥ ਨੇ ਕਿਹਾ ਕਿ ਕੂਪਰ ਨਵੇਂ ਨਿਵੇਸ਼ ਲਿਆਉਣ ਲਈ ਧਿਆਨ ਕੇਂਦਰਿਤ ਕਰਨਗੇ। ਇਸ ਦੇ ਨਾਲ ਹੀ ਫੈਸਲਾ ਲੈਣ ਵਾਲਿਆਂ ਅਤੇ ਐਲਬਰਟਾ ਵਿਚਕਾਰ ਇਕ ਕੜੀ ਦਾ ਕੰਮ ਕਰਨਗੇ। ਉਹ ਨਵਾਂ ਅਹੁਦਾ ਸਾਂਭਣ ਤੋਂ ਪਹਿਲਾਂ ਬੈਕਬੈਂਚ ਐਮ.ਐਲ.ਏ ਵਜੋਂ ਜੂਨ ਤੱਕ ਵਿਧਾਨਸਭਾ ਵਿਚ ਰਹਿਣਗੇ।