Jul 5, 2022 2:27 PM - ANI
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਖ਼ੁਲਾਸਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਮੂਸੇਵਾਲਾ 'ਤੇ ਹਮਲਾ ਦੀਆਂ ਕਈ ਕੋਸ਼ਿਸ਼ਾਂ ਹੋਈਆਂ ਸਨ ਅਤੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ ਵੀ ਉਸ ਦੀ ਸੁਰੱਖਿਆ ਵਿਚ ਕਟੌਤੀ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਇਸ ਦਾ ਖੁੱਲ੍ਹਾ ਪ੍ਰਚਾਰ ਕੀਤਾ।
ਬਲਕੌਰ ਸਿੰਘ ਨੇ ਬੀਤੇ ਦਿਨ ਯਾਨੀ ਸੋਮਵਾਰ ਨੂੰ ਆਖਿਆ ਕਿ ਸਿੱਧੂ ਮੂਸੇ ਵਾਲਾ ਨੂੰ ਮਾਰਨ ਲਈ 60 ਤੋਂ 80 ਲੋਕ ਉਸ ਦੇ ਮਗਰ ਲੱਗੇ ਹੋਏ ਸੀ। ਚੋਣਾਂ ਦੌਰਾਨ ਘੱਟੋ-ਘੱਟ 8 ਵਾਰ ਉਸ ਨੂੰ ਮਾਰਨ ਦੇ ਯਤਨ ਹੋਏ।
ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਡਲਵਾ ਵਿਚ ਇੱਕ ਸੜਕ ਦੇ ਉਦਘਾਟਨੀ ਸਮਾਰੋਹ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੈਂਗਸਟਰ ਸਮਾਨਾਂਤਰ ਸਰਕਾਰ ਚਲਾ ਰਹੇ ਹਨ, ਨੌਜਵਾਨ ਮਰ ਰਹੇ ਹਨ। ਵਿੱਕੀ ਮਿੱਡੂਖੇੜਾ ਦਾ ਬਦਲਾ ਲਿਆ। ਕੱਲ੍ਹ ਕੋਈ ਸਿੱਧੂ ਲਈ ਬਦਲਾ ਲਵੇਗਾ ਪਰ ਇਸ ਨਾਲ ਸਾਡੇ ਘਰ ਤਬਾਹ ਹੋ ਰਹੇ ਹਨ।
ਗੌਰਤਲਬ ਹੈ ਕਿ 28 ਸਾਲਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਇੱਕ ਪਿੰਡ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਇੱਕ ਦਿਨ ਪਹਿਲਾਂ ਹੀ ਭਗਵੰਤ ਮਾਨ ਦੀ ਅਗਵਾਈ ਵਿਚ ਬਣੀ ਨਵੀਂ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਸੀ।