Feb 26, 2025 5:04 PM - The Canadian Press
ਕੈਨੇਡਾ ਅਤੇ ਮੈਕਸੀਕੋ ’ਤੇ ਅਗਲੇ ਹਫ਼ਤੇ ਲਾਗੂ ਹੋਣ ਵਾਲੇ ਟੈਰਿਫ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਅੱਜ ਇੱਕ ਬਿਆਨ ਵਿਚ ਕਿਹਾ ਹੈ ਕਿ ਗੱਲਬਾਤ ਰਾਹੀਂ ਟੈਰਿਫ ਯੋਜਨਾਵਾਂ ਵਿਚ ਬਦਲਾਅ ਕੀਤਾ ਜਾ ਸਕਦਾ ਹੈ। ਵ੍ਹਾਈਟ ਹਾਊਸ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ ਟੈਰਿਫ ਨਿਰਧਾਰਤ ਸਮੇਂ ’ਤੇ ਹੀ ਲਾਗੂ ਹੋਣਗੇ।
ਟਰੰਪ ਨੇ ਕੈਨੇਡਾ ਦੇ ਤੇਲ, ਗੈਸ ’ਤੇ 10 ਫੀਸਦੀ ਟੈਰਿਫ ਤੋਂ ਇਲਾਵਾ ਬਾਕੀ ਸਾਰੇ ਕੈਨੇਡੀਅਨ ਆਯਾਤ ’ਤੇ 25 ਫੀਸਦੀ ਟੈਰਿਫ ਲਾਗੂ ਕਰਨ ਦੇ ਕਾਰਜਕਾਰੀ ਹੁਕਮ ਨੂੰ 4 ਮਾਰਚ ਤੱਕ ਲਈ ਮੁਲਤਵੀ ਕੀਤਾ ਸੀ।
ਇਸ ਵਿਚਕਾਰ ਕੈਨੇਡਾ ਦੇ ਅਧਿਕਾਰੀ ਅਤੇ ਪ੍ਰੀਮੀਅਰ ਨੇ ਟੈਰਿਫ ਨੂੰ ਟਾਲਣ ਕੋਸ਼ਿਸ਼ ਤਹਿਤ ਹਾਲ ਹੀ ਦੇ ਹਫ਼ਤਿਆਂ ਵਿਚ ਵਾਸ਼ਿੰਗਟਨ ਦਾ ਕਈ ਵਾਰ ਦੌਰਾ ਕੀਤਾ ਹੈ ਪਰ ਅਜੇ ਵੀ ਇਹ ਸਪੱਸ਼ਟ ਨਹੀਂ ਹੈ ਕਿ ਟਰੰਪ ਕੀ ਚਾਹੁੰਦੇ ਹਨ। ਉਨ੍ਹਾਂ ਕੈਨੇਡਾ ਨਾਲ ਵਿਵਾਦ ਲਈ ਕਦੇ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਲਾਂਘਿਆਂ ਨੂੰ ਮੁੱਦਾ ਬਣਾਇਆ ਹੈ ਅਤੇ ਕਦੇ ਉਹ ਵਪਾਰ ਘਾਟੇ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਟਿੱਪਣੀ ਕਰਦੇ ਰਹੇ ਹਨ।