Mar 28, 2025 4:39 PM - Connect Newsroom
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਸਵੇਰ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ 'ਤੇ ਗੱਲ ਕੀਤੀ। ਟਰੰਪ ਨੇ ਇਸ ਨੂੰ ਬਹੁਤ ਹੀ ਸਾਰਥਕ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਕਾਰਨੀ ਨੂੰ ਜਲਦ ਨਿੱਜੀ ਤੌਰ 'ਤੇ ਮਿਲਣ ਦੀ ਉਮੀਦ ਕਰਦੇ ਹਨ। ਦੋਵੇਂ ਲੀਡਰ ਫੋਨ 'ਤੇ ਪਹਿਲੀ ਗੱਲਬਾਤ ਦੌਰਾਨ ਕਈ ਮੁੱਦਿਆਂ 'ਤੇ ਸਹਿਮਤ ਹੋਏ ਹਨ।
ਖਾਸ ਗੱਲ ਇਹ ਰਹੀ ਕਿ ਟਰੰਪ ਨੇ ਕਾਰਨੀ ਨੂੰ ਅਸਲ ਵਿਚ ਪ੍ਰਧਾਨ ਮੰਤਰੀ ਕਿਹਾ, ਜਦੋਂ ਕਿ ਸਾਬਕਾ ਪੀਐੱਮ ਜਸਟਿਨ ਟਰੂਡੋ ਨੂੰ ਉਹ ਵਾਰ-ਵਾਰ ਗਵਰਨਰ ਕਹਿੰਦੇ ਸਨ। ਸੋਸ਼ਲ ਮੀਡੀਆ ਪੋਸਟ ਵਿਚ ਟਰੰਪ ਨੇ ਕਿਹਾ ਕਿ ਅਸੀਂ ਕਈ ਗੱਲਾਂ 'ਤੇ ਸਹਿਮਤ ਹਾਂ ਅਤੇ ਕੈਨੇਡਾ ਦੀਆਂ ਚੋਣਾਂ ਤੋਂ ਤੁਰੰਤ ਬਾਅਦ ਉਹ ਸਾਰੇ ਮੁੱਦਿਆਂ 'ਤੇ ਕਾਰਨੀ ਨਾਲ ਮੁਲਾਕਾਤ ਕਰਨਗੇ, ਜੋ ਕੈਨੇਡਾ ਅਤੇ ਅਮਰੀਕਾ ਦੋਹਾਂ ਲਈ ਬਹੁਤ ਵਧੀਆ ਸਾਬਤ ਹੋਣਗੇ।
ਟਰੰਪ ਨੇ ਕਾਰਨੀ ਵਲੋਂ ਮੁੱਦਿਆਂ 'ਤੇ ਧਿਆਨ ਦੇਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਗੌਰਤਲਬ ਹੈ ਕਿ ਟਰੰਪ ਅਤੇ ਕਾਰਨੀ ਵਿਚਕਾਰ ਤਾਜ਼ਾ ਸਕਾਰਾਤਮਕ ਗੱਲਬਾਤ ਉਦੋਂ ਹੋਈ ਹੈ ਜਦੋਂ ਕੈਨੇਡਾ ਵਿਚ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ ਅਤੇ ਟਰੰਪ ਦੇ ਬਿਆਨ ਤੋਂ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦਾ ਅਨੁਮਾਨ ਹੈ ਕਿ ਕਾਰਨੀ ਚੋਣ ਜਿੱਤਣਗੇ।