Apr 1, 2025 5:22 PM - Connect Newsroom
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵਿਚਕਾਰ ਇੱਕ ਵਾਰ ਫਿਰ ਟਕਰਾਅ ਦੀ ਸਥਿਤੀ ਬਣ ਸਕਦੀ ਹੈ। ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ 'ਤੇ ਮਿਨਰਲ ਡੀਲ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਕਿ ਜੇ ਜ਼ੇਲੇਂਸਕੀ ਨੇ ਸਮਝੌਤੇ 'ਤੇ ਦਸਤਖਤ ਨਹੀਂ ਕੀਤੇ ਤਾਂ ਉਨ੍ਹਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਟਰੰਪ ਨੇ ਕਿਹਾ ਕਿ ਜ਼ੇਲੇਂਸਕੀ ਚਾਹੁੰਦੇ ਹਨ ਕਿ ਇਸ ਮੁੱਦੇ 'ਤੇ ਫਿਰ ਤੋਂ ਗੱਲਬਾਤ ਕੀਤੀ ਜਾਵੇ ਜੋ ਕਿ ਸਮਝੌਤੇ ਤੋਂ ਪਿੱਛੇ ਹਟਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇ ਯੂਕਰੇਨ ਅਜਿਹਾ ਹੀ ਰੁਖ਼ ਰੱਖਦਾ ਹੈ ਤਾਂ ਉਸ ਲਈ ਨਾਟੋ ਦਾ ਮੈਂਬਰ ਬਣਨਾ ਸੌਖਾ ਨਹੀਂ ਹੋਵੇਗਾ। ਰਿਪੋਰਟਸ ਦੀ ਮੰਨੀਏ ਤਾਂ ਕੇਂਦਰੀ ਯੂਕਰੇਨ ਵਿਚ ਬਰਫ਼ ਨਾਲ ਢਕੇ ਮੈਦਾਨਾਂ ਵਿਚ ਲਿਥੀਅਮ ਦਾ ਵੱਡਾ ਭੰਡਾਰ ਹੈ। ਇਸ ਤੋਂ ਇਲਾਵਾ ਯੂਕਰੇਨ ਵਿਚ ਗ੍ਰਾਫਾਈਟ, ਟਾਈਟੇਨੀਅਮ, ਤਾਂਬਾ, ਜ਼ਿੰਕ, ਚਾਂਦੀ ਦੇ ਵੀ ਮਹੱਤਵਪੂਰਨ ਭੰਡਾਰ ਹਨ।