Jan 24, 2025 5:51 PM - Connect Newsroom
ਅਮਰੀਕਾ ਦੇ ਸਿਆਟਲ ਦੀ ਫੈਡਰਲ ਕੋਰਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਜਨਮਜਾਤ ਨਾਗਰਿਕਤਾ ਨੂੰ ਰੱਦ ਕਰਨ ਦੀ ਕੋਸ਼ਿਸ਼ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਹੈ। ਕੋਰਟ ਨੇ ਕਿਹਾ ਕਿ ਵਾਸ਼ਿੰਗਟਨ ਅਤੇ ਹੋਰ ਥਾਵਾਂ ’ਤੇ ਦਾਇਰ ਹੋਏ ਮੁਕੱਦਮੇ ਚੱਲਣ ਤੱਕ ਜਨਮ ਸਿੱਧ ਨਾਗਰਿਕਤਾ ਨੂੰ ਖ਼ਤਮ ਕਰਨ ਵਾਲੇ ਕਾਰਜਕਾਰੀ ਹੁਕਮ ’ਤੇ ਘੱਟੋ-ਘੱਟ 14 ਦਿਨ ਰੋਕ ਰਹੇਗੀ।
ਕੋਰਟ ਵਿਚ 4 ਸੂਬਿਆਂ ਨੇ ਬੱਚਿਆਂ ਨੂੰ ਜਨਮ ਦੇ ਨਾਲ ਮਿਲਣ ਵਾਲੀ ਨਾਗਰਿਕਤਾ ਬਾਰੇ ਟਰੰਪ ਦੇ ਕਾਰਜਕਾਰੀ ਆਦੇਸ਼ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਗੌਰਤਲਬ ਹੈ ਕਿ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਦੇ ਪਹਿਲੇ ਦਿਨ ਕਈ ਆਦੇਸ਼ ਜਾਰੀ ਕੀਤੇ ਸਨ।
ਇਨ੍ਹਾਂ ਹੁਕਮਾਂ ਵਿਚੋਂ ਇੱਕ ਵਿਚ ਗੈਰ-ਅਮਰੀਕੀ ਮਾਪਿਆਂ ਦੇ ਬੱਚਿਆਂ ਨੂੰ ਜਨਮ ਸਮੇਂ ਆਪਣੇ-ਆਪ ਮਿਲਣ ਵਾਲੀ ਅਮਰੀਕਾ ਦੀ ਨਾਗਰਿਕਤਾ ਦੀ ਵਿਵਸਥਾ ਨੂੰ ਖ਼ਤਮ ਕਰਨਾ ਵੀ ਸ਼ਾਮਲ ਸੀ।
ਇਸ ਆਦੇਸ਼ ਮੁਤਾਬਕ, ਉਨ੍ਹਾਂ ਹਾਲਾਤਾਂ ਵਿਚ ਜਨਮ ਸਿੱਧ ਨਾਗਰਿਕਤਾ ਨਹੀਂ ਦਿੱਤੀ ਜਾਵੇਗੀ, ਜੇ ਅਮਰੀਕਾ ਵਿਚ ਪੈਦਾ ਹੋਏ ਬੱਚੇ ਦੀ ਮਾਂ ਉੱਥੇ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੀ ਹੈ ਜਾਂ ਜੇ ਪਿਤਾ ਬੱਚੇ ਦੇ ਜਨਮ ਸਮੇਂ ਅਮਰੀਕਾ ਦਾ ਨਾਗਰਿਕ ਜਾਂ ਕਾਨੂੰਨੀ ਸਥਾਈ ਨਿਵਾਸੀ ਨਹੀਂ ਸੀ, ਜਾਂ ਫਿਰ ਬੱਚੇ ਦੇ ਜਨਮ ਸਮੇਂ ਮਾਂ ਅਮਰੀਕਾ ਦੀ ਕਾਨੂੰਨੀ ਪਰ ਅਸਥਾਈ ਨਿਵਾਸੀ ਸੀ।