Apr 9, 2025 7:51 PM - Connect Newsroom
ਕੈਨੇਡੀਅਨ ਸਟਾਕ ਮਾਰਕੀਟ ਅਤੇ ਅਮਰੀਕੀ ਸ਼ੇਅਰ ਬਾਜ਼ਾਰ ਵਿਚ ਅੱਜ ਟਰੰਪ ਦੇ ਟੈਰਿਫ 'ਤੇ ਰੋਕ ਲਗਾਏ ਜਾਣ ਮਗਰੋਂ ਰੌਣਕ ਦੇਖਣ ਨੂੰ ਮਿਲੀ। ਕੈਨੇਡਾ ਦੇ S&P/TSX ਕੰਪੋਜ਼ਿਟ ਇੰਡੈਕਸ ਵਿਚ 1,000 ਤੋਂ ਵੱਧ ਅੰਕ ਦੀ ਤੇਜ਼ੀ ਦੇਖੀ ਗਈ, ਉਥੇ ਹੀ ਨਿਊਯਾਰਕ ਵਿਚ ਡਾਓ ਜੋਨਸ ਨੇ 2,400 ਅੰਕ ਤੱਕ ਦਾ ਉਛਾਲ ਦਰਜ ਕੀਤਾ।
ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਪਰਸਪਰ ਟੈਰਿਫ 'ਤੇ 90 ਦਿਨਾਂ ਦੀ ਰੋਕ ਲਗਾਉਣ ਦਾ ਐਲਾਨ ਕਰਨ ਤੋਂ ਬਾਅਦ ਪਿਛਲੇ ਹਫ਼ਤੇ ਤੋਂ ਦਬਾਅ ਵਿਚ ਚੱਲ ਰਹੇ ਸ਼ੇਅਰ ਬਾਜ਼ਾਰਾਂ ਵਿਚ ਬੁੱਧਵਾਰ ਨੂੰ ਉਛਾਲ ਆਇਆ, ਐਪਲ ਅਤੇ ਐਨਵੀਡੀਆ ਦੇ ਸ਼ੇਅਰ ਵਿਚ 11 ਤੋਂ 13 ਫੀਸਦੀ ਤੇਜ਼ੀ ਦੇਖਣ ਨੂੰ ਮਿਲੀ।
ਉਥੇ ਹੀ, ਵਾਲਮਾਰਟ ਦੇ ਸ਼ੇਅਰ 9.7 ਫੀਸਦੀ ਉੱਪਰ ਸਨ। ਇਸ ਦੌਰਾਨ ਟੇਸਲਾ ਦੇ ਸ਼ੇਅਰ 19 ਫੀਸਦੀ ਤੋਂ ਵੱਧ ਦੇ ਉਛਾਲ ਨਾਲ ਕਾਰੋਬਾਰ ਕਰ ਰਹੇ ਸਨ। ਉਥੇ ਹੀ, ਕੈਨੇਡੀਅਨ ਸਟਾਕ ਮਾਰਕੀਟ ਵਿਚ ਰਾਇਲ ਬੈਂਕ ਆਫ਼ ਕੈਨੇਡਾ, ਬੈਂਕ ਆਫ਼ ਮਾਂਟਰੀਅਲ, ਨੈਸ਼ਨਲ ਬੈਂਕ ਆਫ਼ ਕੈਨੇਡਾ ਅਤੇ ਸਨਕੋਰ ਐਨਰਜੀ ਸਮੇਤ ਕਈ ਸ਼ੇਅਰ ਤੇਜ਼ੀ ਵਿਚ ਕਾਰੋਬਾਰ ਕਰ ਰਹੇ ਸਨ।