Apr 15, 2025 7:56 PM - Connect Newsroom
ਅਮਰੀਕਾ ਨੇ ਇੱਕ ਵਾਰ ਫਿਰ ਕੈਨੇਡੀਅਨ ਪ੍ਰਭੂਸੱਤਾ 'ਤੇ ਹਮਲਾ ਬੋਲਿਆ ਹੈ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਅੱਜ ਇੱਕ ਪ੍ਰੈੱਸ ਬ੍ਰੀਫਿੰਗ ਵਿਚ ਪੱਤਰਕਾਰਾਂ ਦੇ ਸਵਾਲਾਂ ਦੌਰਾਨ ਇੱਕ ਜਵਾਬ ਵਿਚ ਕਿਹਾ ਕਿ ਕੈਨੇਡਾ ਬਾਰੇ ਰਾਸ਼ਟਰਪਤੀ ਦਾ ਰੁਖ਼ ਬਦਲਿਆ ਨਹੀਂ ਹੈ। ਲੇਵਿਟ ਨੇ ਕਿਹਾ ਕਿ ਕੈਨੇਡਾ ਬਾਰੇ ਰਾਸ਼ਟਰਪਤੀ ਟਰੰਪ ਦੀ ਸਥਿਤੀ ਹੁਣ ਵੀ ਓਹੀ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਦਾ 51ਵਾਂ ਸੂਬਾ ਬਣਨ ਨਾਲ ਕੈਨੇਡੀਅਨਾਂ ਨੂੰ ਫਾਇਦਾ ਹੋਵੇਗਾ।
ਗੌਰਤਲਬ ਹੈ ਕਿ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੋਲੋਂ ਇੱਕ ਪੱਤਰਕਾਰ ਨੇ ਸਵਾਲ ਕੀਤਾ ਸੀ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਜਦੋਂ ਤੋਂ ਕੈਨੇਡਾ ਵਿਚ ਚੋਣ ਕੰਪੇਨ ਸ਼ੁਰੂ ਹੋਈ ਹੈ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਨੂੰ 51ਵਾਂ ਸੂਬਾ ਕਹਿਣਾ ਛੱਡ ਦਿੱਤਾ ਹੈ, ਕੀ ਉਨ੍ਹਾਂ ਦਾ ਕੈਨੇਡਾ ਪ੍ਰਤੀ ਰੁਖ਼ ਬਦਲ ਗਿਆ ਹੈ ਤਾਂ ਇਸ ਦੇ ਜਵਾਬ ਵਿਚ ਲੇਵਿਟ ਨੇ ਟਰੰਪ ਦਾ ਰੁਖ਼ ਬਦਲਣ ਤੋਂ ਇਨਕਾਰ ਕੀਤਾ।