Apr 10, 2025 12:36 PM - The Canadian Press
ਕੈਨੇਡੀਅਨ ਇੰਪੋਰਟ 'ਤੇ ਟਰੰਪ ਵਲੋਂ ਲਗਾਇਆ ਗਿਆ ਟੈਰਿਫਸ ਅਜੇ ਵੀ ਬਰਕਰਾਰ ਹੈ। ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਕਿਹਾ ਕਿ ਕੈਨੇਡਾ ਖਿਲਾਫ ਟੈਰਿਫਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕੈਨੇਡਾ 'ਤੇ ਫੈਂਟਾਨਿਲ ਸਬੰਧਤ ਟੈਰਿਫਸ, ਨਾਲ ਹੀ ਆਟੋਮੋਬਾਈਲਜ਼, ਸਟੀਲ ਅਤੇ ਐਲੂਮੀਨੀਅਮ 'ਤੇ ਇੰਪੋਰਟ ਡਿਊਟੀ ਅਜੇ ਵੀ ਲਾਗੂ ਹੈ।
ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਬੁੱਧਵਾਰ ਨੂੰ ਦੁਨੀਆ ਭਰ ਦੇ ਦੇਸ਼ਾਂ ਵਿਰੁੱਧ ਪਰਸਪਰ ਟੈਰਿਫਸ ਨੂੰ 90 ਦਿਨਾਂ ਲਈ ਵਾਪਸ ਲਿਆ ਗਿਆ ਹੈ, ਤਾਂ ਜੋ 70 ਤੋਂ ਵੱਧ ਮੁਲਕਾਂ ਨਾਲ ਵਪਾਰ ਸਬੰਧੀ ਨਵੀਂ ਅਤੇ ਨਿਰਪੱਖ ਡੀਲ ਹੋ ਸਕੇ ਪਰ ਇਸ ਦੌਰਾਨ ਅਮਰੀਕਾ ਆਉਣ ਵਾਲੇ ਹਰ ਮਾਲ 'ਤੇ ਘੱਟੋ-ਘੱਟ 10 ਫੀਸਦੀ ਟੈਰਿਫਸ ਜਾਰੀ ਰੱਖਿਆ ਗਿਆ ਹੈ। ਓਧਰ, ਕੈਨੇਡਾ ਵਲੋਂ ਜਵਾਬੀ ਟੈਰਿਫ ਬੁੱਧਵਾਰ ਤੋਂ ਲਾਗੂ ਹੋਇਆ ਹੈ, ਕੈਨੇਡਾ ਨੇ ਕਿਹਾ ਹੈ ਕਿ ਜੋ ਅਮਰੀਕੀ ਵਾਹਨ ਯੂ.ਐੱਸ.ਐੱਮ.ਸੀ.ਏ. ਨਿਯਮਾਂ ਦੇ ਤੈਅ ਮਾਪਦੰਡ ਤਹਿਤ ਨਹੀਂ ਹਨ ਉਹਨਾਂ 'ਤੇ 25 ਫੀਸਦੀ ਟੈਰਿਫ ਹੋਵੇਗਾ ਅਤੇ ਯੂ.ਐੱਸ.ਐੱਮ.ਸੀ.ਏ. ਨਿਯਮਾਂ ਦੀ ਪਾਲਣਾ ਕਰਨ ਵਾਲੇ ਅਮਰੀਕੀ ਵਾਹਨਾਂ ਦੇ ਗੈਰ-ਕੈਨੇਡੀਅਨ ਅਤੇ ਗੈਰ-ਮੈਕਸੀਕਨ ਹਿੱਸੇ 'ਤੇ 25 ਫੀਸਦੀ ਟੈਰਿਫ ਲੱਗੇਗਾ। ਇਸ ਦਾ ਮਤਲਬ ਹੈ ਕਿ ਭਾਵੇਂ ਅਮਰੀਕਾ ਵਿਚ ਜਨਰਲ ਮੋਟਰਜ਼, ਫੋਰਡ ਮੋਟਰ ਅਤੇ ਸਟੈਲੈਂਟਿਸ ਵਲੋਂ ਬਣਾਇਆ ਗਿਆ ਕੋਈ ਵਾਹਨ ਯੂ.ਐੱਸ.ਐੱਮ.ਸੀ.ਏ. ਦੇ ਮੁਤਾਬਕ ਹੋਵੇ ਪਰ ਜੋ ਹਿੱਸਾ ਕੈਨੇਡਾ ਅਤੇ ਮੈਕਸੀਕੋ ਤੋਂ ਨਹੀਂ ਹੈ, ਉਨ੍ਹਾਂ 'ਤੇ ਟੈਰਿਫਸ ਲੱਗੇਗਾ।