Mar 27, 2025 1:45 PM - The Canadian Press
ਕੈਨੇਡਾ ਅਤੇ ਯੂਰਪੀਅਨ ਯੂਨੀਅਨ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਧਮਕੀ ਦਿੱਤੀ ਕਿ ਜੇ ਉਨ੍ਹਾਂ ਨੇ ਮਿਲ ਕੇ ਅਮਰੀਕਾ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ 'ਤੇ ਹੋਰ ਵੀ ਵੱਡੇ ਪੱਧਰ 'ਤੇ ਟੈਰਿਫਸ ਲਗਾਏ ਜਾ ਸਕਦੇ ਹਨ। ਰਾਸ਼ਟਰਪਤੀ ਦੀ ਇਹ ਚਿਤਾਵਨੀ ਉਨ੍ਹਾਂ ਵਲੋਂ ਬੁੱਧਵਾਰ ਨੂੰ ਸਾਰੀਆਂ ਵਿਦੇਸ਼ੀ ਕਾਰਾਂ ਅਤੇ ਹਲਕੇ ਟਰੱਕਾਂ 'ਤੇ 25 ਫੀਸਦੀ ਟੈਰਿਫ ਲਗਾਉਣ ਦੇ ਇੱਕ ਆਦੇਸ਼ 'ਤੇ ਦਸਤਖਤ ਕਰਨ ਤੋਂ ਬਾਅਦ ਆਈ ਹੈ। ਟਰੰਪ ਦਾ ਇਹ ਕਦਮ ਕੈਨੇਡਾ ਅਤੇ ਅਮਰੀਕਾ ਵਿਚਕਾਰ ਆਟੋਮੋਬਾਈਲਜ਼ ਦੇ ਦਹਾਕਿਆਂ ਤੋਂ ਚੱਲ ਰਹੇ ਮੁਫ਼ਤ ਵਪਾਰ ਨੂੰ ਖ਼ਤਮ ਕਰ ਦੇਵੇਗਾ। ਇਸ ਦਾ ਪ੍ਰਭਾਵ ਗਲੋਬਲ ਆਟੋ ਨਿਰਮਾਤਾਵਾਂ 'ਤੇ ਵੀ ਪਵੇਗਾ ਜੋ ਅਮਰੀਕਾ ਨੂੰ ਕਾਰਾਂ ਐਕਸਪੋਰਟ ਕਰਦੇ ਹਨ।
ਗੌਰਤਲਬ ਹੈ ਕਿ ਕੈਨੇਡਾ ਵਿਚ ਆਟੋਮੇਕਰ ਅਤੇ ਪੁਰਜ਼ਿਆਂ ਦੇ ਸਪਲਾਇਰ ਨਾਲ 125,000 ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਓਨਟਾਰੀਓ ਵਿਚ ਹਨ। ਕੈਨੇਡੀਅਨ ਵਾਹਨ ਨਿਰਮਾਤਾ ਐਸੋਸੀਏਸ਼ਨ ਮੁਤਾਬਕ, ਓਨਟਾਰੀਓ ਵਿਚ ਫੋਰਡ, ਜਨਰਲ ਮੋਟਰਜ਼, ਸਟੈਲੈਂਟਿਸ, ਹੌਂਡਾ ਅਤੇ ਟੋਇਟਾ ਨੇ ਪਿਛਲੇ ਸਾਲ 1.6 ਮਿਲੀਅਨ ਕਾਰਾਂ ਬਣਾਈਆਂ ਸਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਕਾਰਾਂ ਅਮਰੀਕਾ ਨੂੰ ਐਕਸਪੋਰਟ ਕੀਤੀਆਂ ਗਈਆਂ ਸਨ।