Jan 21, 2025 1:22 PM - The Canadian Press
ਕੈਨੇਡਾ ਅਤੇ ਮੈਕਸੀਕੋ 'ਤੇ ਟਰੰਪ ਵਲੋਂ ਟੈਰਿਫ ਦੀ ਸ਼ੁਰੂਆਤ ਅਗਲੇ ਹਫ਼ਤੇ ਕੀਤੀ ਜਾ ਸਕਦੀ ਹੈ। ਉਨ੍ਹਾਂ ਬੀਤੇ ਕੱਲ ਬਾਈਡੇਨ ਪ੍ਰਸ਼ਾਸਨ ਦੇ ਕਈ ਫੈਸਲੇ ਪਲਟਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟੈਰਿਫ ਨੂੰ ਲੈ ਕੇ ਟਿੱਪਣੀ ਕੀਤੀ, ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹਨਾਂ ਦਾ ਵਿਚਾਰ ਕੈਨੇਡਾ, ਮੈਕਸੀਕੋ ਤੋਂ ਆਉਣ ਵਾਲੇ ਮਾਲ 'ਤੇ 1 ਫਰਵਰੀ ਤੋਂ 25 ਫੀਸਦੀ ਟੈਰਿਫ ਲਗਾਉਣ ਦਾ ਹੈ।
ਹਾਲਾਂਕਿ, ਇਹ ਟਾਈਮਲਾਈਨ ਅਜੇ ਵੀ ਅਸਪੱਸ਼ਟ ਹੈ ਕਿਉਂਕਿ ਟਰੰਪ ਨੇ ਇੱਕ ਕਾਰਜਕਾਰੀ ਹੁਕਮ 'ਤੇ ਦਸਤਖਤ ਕਰਦੇ ਹੋਏ ਕੈਨੇਡਾ, ਮੈਕਸੀਕੋ ਨਾਲ ਲੱਗਦੇ ਬਾਰਡਰ ਤੋਂ ਹੋਣ ਵਾਲੀ ਮਾਈਗ੍ਰੇਸ਼ਨ ਅਤੇ ਫੈਂਟਾਨਾਇਲ ਤਸਕਰੀ ਬਾਰੇ ਏਜੰਸੀਆਂ ਤੋਂ 1 ਅਪ੍ਰੈਲ ਤੱਕ ਰਿਪੋਰਟ ਮੰਗੀ ਹੈ, ਇਸ ਜਾਂਚ ਵਿਚ ਚੀਨ ਨੂੰ ਵੀ ਟਾਰਗੇਟ ਕੀਤਾ ਗਿਆ ਹੈ।
ਉਥੇ ਹੀ, ਟਰੰਪ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਵਲੋਂ ਚੁੱਕੇ ਜਾਣ ਵਾਲੇ ਕਿਸੇ ਵੀ ਕਦਮ ਲਈ ਕੈਨੇਡਾ ਤਿਆਰ ਹੈ। ਜੋਲੀ ਨੇ ਸੋਮਵਾਰ ਰਾਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਕੈਨੇਡੀਅਨਜ਼ ਨੂੰ ਇਹ ਯਕੀਨ ਦਿਵਾਉਣਾ ਚਾਹੁੰਦੇ ਹਨ ਕਿ ਟੈਰਿਫ ਨਾਲ ਨਜਿੱਠਣ ਲਈ ਫੈਡਰਲ ਸਰਕਾਰ ਕੋਲ ਯੋਜਨਾ ਤਿਆਰ ਹੈ।