Feb 27, 2025 3:05 PM - The Canadian Press
ਕੈਨੇਡਾ ਅਤੇ ਮੈਕਸੀਕੋ ਲਈ ਵੱਡਾ ਝਟਕਾ ਹੈ, ਟਰੰਪ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਦੋਵਾਂ ਮੁਲਕਾਂ ’ਤੇ ਪ੍ਰਸਤਾਵਿਤ ਟੈਰਿਫ 4 ਮਾਰਚ ਨੂੰ ਲਾਗੂ ਹੋਵੇਗਾ ਅਤੇ ਉਸੇ ਤਾਰੀਖ਼ ਤੋਂ ਚੀਨ ’ਤੇ 10 ਫੀਸਦੀ ਵਾਧੂ ਟੈਰਿਫ ਵੀ ਲਾਗੂ ਹੋਵੇਗਾ। ਟਰੰਪ ਨੇ ਇਲਜ਼ਾਮ ਲਗਾਇਆ ਕਿ ਫੈਂਟਾਨਾਇਲ ਸੰਕਟ ਕਾਰਨ ਕੈਨੇਡਾ, ਮੈਕਸੀਕੋ ’ਤੇ ਟੈਰਿਫ ਲਗਾਇਆ ਜਾ ਰਿਹਾ ਹੈ।
ਰਾਸ਼ਟਰਪਤੀ ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਦੇ ਆਯਾਤ ’ਤੇ 25 ਫੀਸਦੀ ਟੈਰਿਫ ਨੂੰ ਤਿੰਨ ਫਰਵਰੀ ਨੂੰ ਇੱਕ ਮਹੀਨੇ ਲਈ ਟਾਲਿਆ ਸੀ ਅਤੇ ਕੱਲ ਇਹ ਵੀ ਖ਼ਬਰ ਸੀ ਕਿ ਇਸ ਨੂੰ 2 ਅਪ੍ਰੈਲ ਤੱਕ ਰੋਕ ਦਿੱਤਾ ਗਿਆ ਹੈ ਪਰ ਇਸ ਦੇ ਉਲਟ ਅੱਜ ਟਰੰਪ ਫਿਰ ਤੋਂ ਪਲਟ ਗਏ। ਟਰੁੱਥ ਸੋਸ਼ਲ ’ਤੇ ਪੋਸਟ ਕਰਦੇ ਹੋਏ ਟਰੰਪ ਨੇ ਕਿਹਾ ਕਿ ਆਯਾਤ ਟੈਕਸ ਇਨ੍ਹਾਂ ਦੇਸ਼ਾਂ ਨੂੰ ਫੈਂਟਾਨਾਇਲ ਦੀ ਤਸਕਰੀ ਰੋਕਣ ਲਈ ਮਜਬੂਰ ਕਰੇਗਾ।
ਟਰੰਪ ਨੇ ਕਿਹਾ ਕਿ 2 ਅਪ੍ਰੈਲ ਤੋਂ ਪਰਸਪਰ ਟੈਰਿਫ ਵੀ ਲਾਗੂ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਟਰੰਪ ਦੀਆਂ ਟੈਰਿਫ ਧਮਕੀਆਂ ਨੇ ਵਿਸ਼ਵ ਅਰਥਵਿਵਸਥਾ ਨੂੰ ਪਹਿਲਾਂ ਹੀ ਉਥਲ-ਪੁਥਲ ਵਿਚ ਪਾ ਦਿੱਤਾ ਹੈ। ਮਾਹਰਾਂ ਨੇ ਚਿੰਤਾ ਜਤਾਈ ਹੈ ਕਿ ਜੇ ਇਹ ਟੈਰਿਫ ਲਾਗੂ ਹੁੰਦੇ ਹਨ ਤਾਂ ਮਹਿੰਗਾਈ ਅਤੇ ਅਸਥਿਰਤਾ ਵਧੇਗੀ।