Feb 21, 2025 5:13 PM - Connect Newsroom
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਲਈ $21 ਮਿਲੀਅਨ ਦੀ ਫੰਡਿੰਗ ਰੱਦ ਕਰਨ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਪਿਛਲੀ ਅਮਰੀਕੀ ਸਰਕਾਰ ਦਾ ਇਸ ਫੰਡਿੰਗ ਪਿੱਛੇ ਪਲੈਨ ਭਾਰਤ ਵਿਚ ਮੋਦੀ ਤੋਂ ਇਲਾਵਾ ਕਿਸੇ ਹੋਰ ਨੇਤਾ ਨੂੰ ਚੋਣ ਜਿਤਾਉਣ ਦਾ ਹੋ ਸਕਦਾ ਹੈ।
ਟਰੰਪ ਨੇ ਕਿਹਾ ਕਿ ਜਦੋਂ ਭਾਰਤ ਦੀ ਅਰਥਵਿਵਸਥਾ ਬਿਹਤਰ ਹੈ, ਅਮੀਰ ਮੁਲਕ ਹੈ ਤਾਂ ਅਮਰੀਕਾ ਭਾਰਤ ਵਿਚ ਵੋਟਰ ਮਤਦਾਨ ਵਧਾਉਣ ਲਈ $21 ਮਿਲੀਅਨ ਕਿਉਂ ਦੇ ਰਿਹਾ ਸੀ, ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਕਿਸੇ ਹੋਰ ਨੂੰ ਚੋਣ ਜਿਤਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਰਾਸ਼ਟਰਪਤੀ ਨੇ ਕਿਹਾ ਕਿ ਉਹ ਇਸ ਬਾਰੇ ਭਾਰਤ ਨਾਲ ਜਾਣਕਾਰੀ ਸਾਂਝਾ ਕਰਨਗੇ।
ਉੱਥੇ ਹੀ, ਇਸ ਮੁੱਦੇ ’ਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਜਾਣਕਾਰੀ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਹੈ, ਇਸ ਨਾਲ ਭਾਰਤੀ ਚੋਣਾਂ ਵਿਚ ਵਿਦੇਸ਼ੀ ਦਖਲ ਬਾਰੇ ਚਿੰਤਾ ਵਧੀ ਹੈ। ਜੈਸਵਾਲ ਨੇ ਕਿਹਾ ਕਿ ਇਸ ਸਮੇਂ ਇਸ ਮਾਮਲੇ ਵਿਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ, ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸਾਨੂੰ ਇਸ ’ਤੇ ਜਲਦ ਕੋਈ ਅਪਡੇਟ ਮਿਲੇਗਾ।