Feb 21, 2025 2:34 PM - The Associated Press
ਅਮਰੀਕੀ ਸੰਸਦ ਦੇ ਉੱਪਰੀ ਸਦਨ ਸੈਨੇਟ ਨੇ ਭਾਰਤੀ ਮੂਲ ਦੇ ਕੈਸ਼ ਪਟੇਲ ਨੂੰ ਜਾਂਚ ਏਜੰਸੀ ਐਫ.ਬੀ.ਆਈ. ਦੇ ਡਾਇਰੈਕਟਰ ਵਜੋਂ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਉਹ ਟਰੰਪ ਕੈਬਨਿਟ ਵਿਚ ਸਭ ਤੋਂ ਹਾਈ-ਪ੍ਰੋਫਾਈਲ ਨਿਯੁਕਤੀਆਂ ਵਿਚੋਂ ਇੱਕ ਬਣ ਗਏ ਹਨ।
ਕੈਸ਼ ਪਟੇਲ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਫ਼ਾਦਾਰ ਮੰਨੇ ਜਾਂਦੇ ਹਨ। ਐਫ.ਬੀ.ਆਈ. ਡਾਇਰੈਕਟਰ ਦਾ ਕਾਰਜਕਾਲ 10 ਸਾਲ ਦਾ ਹੁੰਦਾ ਹੈ ਪਰ ਟਰੰਪ ਨੇ ਵ੍ਹਾਈਟ ਹਾਊਸ ਵਿਚ ਵਾਪਸੀ ਤੋਂ ਬਾਅਦ ਹੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਐਫ.ਬੀ.ਆਈ. ਮੁਖੀ ਕ੍ਰਿਸ ਰੇ ਨੂੰ ਉਹ ਬਾਹਰ ਕਰਨਾ ਚਾਹੁੰਦੇ ਸਨ, ਜਿਸ ਕਾਰਨ ਰੇ ਨੂੰ ਅਸਤੀਫਾ ਦੇਣਾ ਪਿਆ ਅਤੇ ਪਟੇਲ ਲਈ ਰਾਹ ਪੱਧਰਾ ਹੋ ਗਿਆ। ਕੈਸ਼ ਪਟੇਲ ਰਾਸ਼ਟਰਪਤੀ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਨਾਲ ਕੰਮ ਕਰ ਚੁੱਕੇ ਹਨ। ਉਹ ਭਾਰਤੀ ਪਰਵਾਸੀ ਦੇ ਬੇਟੇ ਹਨ।
ਮੀਡੀਆ ਰਿਪੋਰਟਸ ਅਨੁਸਾਰ, ਉਨ੍ਹਾਂ ਦਾ ਜਨਮ ਇੱਕ ਗੁਜਰਾਤੀ ਪਰਿਵਾਰ ਵਿਚ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਇੱਕ ਅਮਰੀਕਨ ਏਵੀਏਸ਼ਨ ਕੰਪਨੀ ਵਿਚ ਕੰਮ ਕਰਦੇ ਸਨ। ਦੱਸ ਦੇਈਏ ਕਿ ਟਰੰਪ ਨੇ ਚੋਣਾਂ ਜਿੱਤਣ ਤੋਂ ਬਾਅਦ ਐਫ.ਬੀ.ਆਈ. ਦੇ ਡਾਇਰੈਕਟਰ ਵਜੋਂ ਕੈਸ਼ ਪਟੇਲ ਨੂੰ ਨਾਮਜ਼ਦ ਕੀਤਾ ਸੀ।