Feb 11, 2025 7:53 PM - Connect Newsroom
ਕੈਨੇਡਾ ਜਿੱਥੇ ਸਟੀਲ ਅਤੇ ਐਲੂਮੀਨੀਅਮ ’ਤੇ 25 ਫੀਸਦੀ ਅਮਰੀਕੀ ਟੈਰਿਫ ਨਾਲ ਨਜਿੱਠਣ ਦੀ ਤਿਆਰੀ ਕਰ ਰਿਹਾ ਹੈ, ਉਥੇ ਹੀ ਇਸ ਵਿਚਕਾਰ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਹ ਕੈਨੇਡੀਅਨ-ਮੇਡ ਕਾਰਾਂ ’ਤੇ ਵਾਧੂ ਟੈਰਿਫ ਲਗਾਉਣ ’ਤੇ ਵਿਚਾਰ ਕਰ ਰਹੇ ਹਨ, ਜੋ 50 ਤੋਂ 100 ਫੀਸਦੀ ਤੱਕ ਹੋ ਸਕਦਾ ਹੈ।
ਟਰੰਪ ਨੇ ਫੌਕਸ ਨਿਊਜ਼ ਨਾਲ ਇੰਟਰਵਿਊ ਵਿਚ ਕਿਹਾ ਕਿ ਜੇ ਤੁਸੀਂ ਕੈਨੇਡਾ ਨੂੰ ਦੇਖੋ ਤਾਂ ਕੈਨੇਡਾ ਕੋਲ ਵੱਡੀ ਕਾਰ ਇੰਡਸਟਰੀ ਹੈ ਜੋ ਉਸ ਨੇ ਅਮਰੀਕਾ ਤੋਂ ਚੁਰਾਈ ਹੈ। ਉਨ੍ਹਾਂ ਕਿਹਾ ਕਿ ਜੇ ਕੈਨੇਡਾ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਅਸੀਂ ਉਨ੍ਹਾਂ ਦੀਆਂ ਕਾਰਾਂ ’ਤੇ ਭਾਰੀ ਟੈਰਿਫ ਲਗਾਵਾਂਗੇ ਕਿਉਂਕਿ ਸਾਨੂੰ ਉਨ੍ਹਾਂ ਦੀਆਂ ਕਾਰਾਂ ਨਹੀਂ ਚਾਹੀਦੀਆਂ, ਅਸੀਂ ਡੈਟਰਾਇਟ ਵਿਚ ਕਾਰਾਂ ਬਣਾਉਣਾ ਚਾਹੁੰਦੇ ਹਾਂ।
ਗੌਰਤਲਬ ਹੈ ਕਿ ਕੈਨੇਡਾ ਅਤੇ ਅਮਰੀਕਾ ਦਾ ਆਟੋਮੋਬਾਈਲ ਨਿਰਮਾਣ ਸੈਕਟਰ 1960 ਦੇ ਦਹਾਕੇ ਤੋਂ ਇੱਕ-ਦੂਜੇ ਨਾਲ ਜੁੜਿਆ ਹੋਇਆ ਹੈ। 1965 ਵਿਚ ਸਾਬਕਾ ਪ੍ਰਧਾਨ ਮੰਤਰੀ ਲੈਸਟਰ ਬੀ ਪੀਅਰਸਨ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਲਿੰਡਨ ਬੀ. ਜਾਨਸਨ ਨੇ ਇੱਕ ਆਟੋ ਪੈਕਟ ਕੀਤਾ ਸੀ। ਇਸ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਵਿਚਕਾਰ ਕਾਰਾਂ ਅਤੇ ਕਾਰ ਦੇ ਪੁਰਜ਼ਿਆਂ ’ਤੇ ਟੈਰਿਫ ਹਟਾ ਦਿੱਤਾ ਗਿਆ ਸੀ।