Feb 19, 2025 6:34 PM - The Canadian Press
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਿਚਕਾਰ ਬੁੱਧਵਾਰ ਨੂੰ ਤਣਾਅ ਉਸ ਵੇਲੇ ਗਰਮਾ ਗਿਆ ਜਦੋਂ ਦੋਹਾਂ ਨੇ ਇੱਕ-ਦੂਜੇ ’ਤੇ ਵਾਰ-ਪਲਟਵਾਰ ਕੀਤਾ। ਜ਼ੇਲੇਨਸਕੀ ਨੇ ਇਲਜ਼ਾਮ ਲਗਾਇਆ ਕਿ ਰਾਸ਼ਟਰਪਤੀ ਟਰੰਪ ਰੂਸ ਦੀ ਚੁੱਕ ਵਿਚ ਆ ਕੇ ਯੂਕਰੇਨ ਨੂੰ ਜੰਗ ਦਾ ਜ਼ਿੰਮੇਵਾਰ ਠਹਿਰਾ ਰਹੇ ਹਨ ਅਤੇ ਯੁੱਧ ਨੂੰ ਰੂਸ ਦੀਆਂ ਸ਼ਰਤਾਂ ’ਤੇ ਖਤਮ ਕਰਨ ਲਈ ਅੱਗੇ ਵਧ ਰਹੇ ਹਨ ਜੋ ਮਾਸਕੋ ਦੇ ਪੱਖ ਵਿਚ ਹਨ।
ਜ਼ੇਲੇਨਸਕੀ ਦੀ ਇਸ ਟਿੱਪਣੀ ’ਤੇ ਟਰੰਪ ਨੇ ਤਿੱਖਾ ਪਲਟਵਾਰ ਕੀਤਾ, ਉਨ੍ਹਾਂ ਜ਼ੇਲੇਨਸਕੀ ਨੂੰ ਬਿਨਾਂ ਚੋਣਾਂ ਦੇ ਰਾਸ਼ਟਰਪਤੀ ਬਣੇ ਰਹਿਣ ਲਈ ਤਾਨਾਸ਼ਾਹ ਕਰਾਰ ਦਿੱਤਾ। ਦਰਅਸਲ, ਯੂਕਰੇਨ ਦੇ ਰਾਸ਼ਟਰਪਤੀ ਦੇ ਰੂਪ ਵਿਚ ਜ਼ੇਲੇਨਸਕੀ ਦਾ ਕਾਰਜਕਾਲ ਪਿਛਲੇ ਸਾਲ ਮਈ ਵਿਚ ਖ਼ਤਮ ਹੋ ਚੁੱਕਾ ਹੈ।
ਟਰੰਪ ਨੇ ਜ਼ੇਲੇਨਸਕੀ ਨੂੰ ਮਾਮੂਲੀ ਸਫਲ ਕਾਮੇਡੀਅਨ ਵੀ ਕਿਹਾ, ਉਨ੍ਹਾਂ ਕਿਹਾ ਕਿ ਇਸ ਸ਼ਖਸ ਨੇ ਅਮਰੀਕਾ ਨੂੰ ਉਸ ਜੰਗ ਵਿਚ $350 ਬਿਲੀਅਨ ਡਾਲਰ ਖ਼ਰਚ ਕਰਨ ਲਈ ਰਾਜ਼ੀ ਕੀਤਾ ਜੋ ਉਹ ਨਾ ਤਾਂ ਜਿੱਤ ਸਕਦਾ ਹੈ ਅਤੇ ਨਾ ਹੀ ਇਹ ਅਮਰੀਕਾ ਅਤੇ ਟਰੰਪ ਦੇ ਦਖ਼ਲ ਤੋਂ ਬਿਨਾਂ ਕਦੇ ਰੁਕ ਸਕਦੀ ਹੈ।