Feb 28, 2025 6:09 PM - The Canadian Press
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਇੱਕ ਇੰਟਰਵਿਊ ਵਿਚ ਕੈਨੇਡੀਅਨ ਰਾਜਨੀਤੀ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਸ ਵਿਚ ਉਨ੍ਹਾਂ ਨੇ ਲਿਬਰਲ ਪਾਰਟੀ ਦੀ ਲੀਡਰਸ਼ਿਪ ਉਮੀਦਵਾਰ ਅਤੇ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ’ਤੇ ਨਿਸ਼ਾਨਾ ਸਾਧਿਆ ਹੈ। ਟਰੰਪ ਨੇ ਕਿਹਾ ਕਿ ਫਰੀਲੈਂਡ ਕਈ ਮਾਮਲਿਆਂ ਵਿਚ ਆਯੋਗ ਹੈ ਅਤੇ ਕੈਨੇਡਾ ਲਈ ਸਿਰਫ਼ ਸੰਕਟ ਹੀ ਪੈਦਾ ਕਰ ਸਕਦੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਪੀ. ਐੱਮ. ਟਰੂਡੋ ਨੇ ਮੇਰੇ ਨਾਲ ਹੋਈ ਮੀਟਿੰਗ ਮਗਰੋਂ ਹੀ ਉਸ ਨੂੰ ਬਰਖ਼ਾਸਤ ਕੀਤਾ। ਇੰਟਰਵਿਊ ਦੌਰਾਨ ਟਰੰਪ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਗਵਰਨਰ ਕਹਿ ਕੇ ਸੰਬੋਧਨ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ’ਤੇ ਵੀ ਟਿੱਪਣੀ ਕੀਤੀ, ਟਰੰਪ ਨੇ ਕਿਹਾ ਕਿ ਪੌਲੀਐਵ ਨਾਲ ਸਮੱਸਿਆ ਇਹ ਹੈ ਕਿ ਉਹ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਓ- ਦਾ ਸਮਰਥਕ ਨਹੀਂ ਹੈ। ਇਸ ਦੇ ਨਾਲ ਹੀ ਟਰੰਪ ਨੇ ਟੈਰਿਫ ਲਗਾਉਣ ਨੂੰ ਲੈ ਕੇ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਅਤੇ ਮੈਕਸੀਕੋ ਤੋਂ ਕੋਈ ਤਰੱਕੀ ਨਹੀਂ ਦਿਖਾਈ ਦਿੱਤੀ।