Feb 26, 2025 7:12 PM - Connect Newsroom
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ 35 ਸਾਲ ਪੁਰਾਣੇ ਈ.ਬੀ.-5 ਵੀਜ਼ਾ ਦੀ ਥਾਂ ਗੋਲਡ ਕਾਰਡ ਵੀਜ਼ਾ ਲਿਆਉਣ ਦੀ ਘੋਸ਼ਣਾ ਕੀਤੀ ਹੈ, ਜਿਸ ਤਹਿਤ ਅਮਰੀਕਾ ਦੀ ਨਾਗਰਿਕਤਾ ਲੈਣ ਦੀ ਬਦਲੇ ਪਹਿਲਾਂ ਨਾਲੋਂ 5 ਗੁਣਾ ਜ਼ਿਆਦਾ ਖ਼ਰਚ ਕਰਨਾ ਹੋਵੇਗਾ। ਅਮੀਰ ਵਿਦੇਸ਼ੀਆਂ ਨੂੰ ਇਹ ਗੋਲਡ ਕਾਰਡ ਵੀਜ਼ਾ $5 ਮਿਲੀਅਨ ਵਿਚ ਮਿਲੇਗਾ।
ਟਰੰਪ ਨੇ ਕਿਹਾ ਕਿ ਅਮਰੀਕਾ ਅਮੀਰ ਵਿਦੇਸ਼ੀਆਂ ਨੂੰ ਗੋਲਡਨ ਕਾਰਡ ਵੇਚੇਗਾ, ਜਿਸ ਨਾਲ ਉਨ੍ਹਾਂ ਨੂੰ ਅਮਰੀਕਾ ਵਿਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਮਿਲੇਗਾ ਅਤੇ 5 ਮਿਲੀਅਨ ਡਾਲਰ ਦੀ ਫੀਸ ਦੇ ਬਦਲੇ ਨਾਗਰਿਕਤਾ ਦਾ ਰਸਤਾ ਵੀ ਮਿਲੇਗਾ। ਹੁਣ ਤੱਕ ਈ.ਬੀ.-5 ਵੀਜ਼ਾ ਤਹਿਤ ਨਾਗਰਿਕਤਾ ਪ੍ਰਾਪਤ ਕਰਨ ਲਈ ਲੋਕਾਂ ਨੂੰ ਅਮਰੀਕਾ ਵਿਚ ਕਿਸੇ ਅਜਿਹੇ ਬਿਜ਼ਨੈੱਸ ਵਿਚ ਘੱਟੋ-ਘੱਟ $1 ਮਿਲੀਅਨ ਇਨਵੈਸਟ ਕਰਨੇ ਹੁੰਦੇ ਸੀ, ਜੋ ਘੱਟੋ-ਘੱਟ 10 ਨੌਕਰੀਆਂ ਪੈਦਾ ਕਰਦਾ ਹੋਵੇ।
ਇਸ ਦੇ ਨਾਲ ਹੀ ਨਾਗਰਿਕਤਾ ਪ੍ਰਾਪਤ ਕਰਨ ਵਿਚ ਪੰਜ ਤੋਂ ਸੱਤ ਸਾਲ ਉਡੀਕ ਕਰਨੀ ਪੈਂਦੀ ਸੀ,ਜਦੋਂ ਕਿ ਟਰੰਪ ਨੇ ਗੋਲਡ ਕਾਰਡ ਵੀਜ਼ਾ ਤਹਿਤ ਨੌਕਰੀ ਪੈਦਾ ਕਰਨ ਦੀ ਲੋੜ ਸਮਾਪਤ ਕਰ ਦਿੱਤੀ ਹੈ ਅਤੇ ਇਸ ਤਹਿਤ ਨਾਗਰਿਕਤਾ ਵੀ ਜਲਦ ਮਿਲੇਗੀ। ਟਰੰਪ ਨੇ ਕਿਹਾ ਕਿ ਗੋਲਡ ਕਾਰਡ ਵੀਜ਼ਾ ਲਗਭਗ ਦੋ ਹਫ਼ਤਿਆਂ ਵਿਚ ਸ਼ੁਰੂ ਹੋ ਜਾਵੇਗਾ।