Mar 17, 2025 6:03 PM - Connect Newsroom
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ 227 ਸਾਲ ਪੁਰਾਣੇ ਏਲੀਅਨ ਐਨਾਮੀਸ ਐਕਟ ਤਹਿਤ ਦੇਸ਼ ਨਿਕਾਲਾ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਤਵਾਰ ਨੂੰ ਵੈਨਜ਼ੁਏਲਾ ਨਾਲ ਸਬੰਧਤ 261 ਪ੍ਰਵਾਸੀਆਂ ਨੂੰ ਐਲ ਸੈਲਵੇਡੋਰ ਦੀ ਸੁਪਰਮੈਕਸ ਜੇਲ੍ਹ ਭੇਜਿਆ ਗਿਆ ਹੈ। ਅਮਰੀਕਾ ਨੇ ਇਨ੍ਹਾਂ ਨੂੰ ਡਰੱਗਜ਼ ਵੇਚਣ ਵਾਲੀ ਗੈਂਗ ਦੇ ਮੈਂਬਰ ਦੱਸਦੇ ਹੋਏ ਏਲੀਅਨ ਐਨਾਮੀਸ ਐਕਟ ਤਹਿਤ ਕਾਰਵਾਈ ਕੀਤੀ।
ਖਾਸ ਗੱਲ ਇਹ ਹੈ ਕਿ ਇਨ੍ਹਾਂ ਲੋਕਾਂ ਲਈ ਦੇਸ਼ ਨਿਕਾਲਾ ਦੇਣ ਦੇ ਹੁਕਮ 'ਤੇ ਇੱਕ ਅਮਰੀਕੀ ਅਦਾਲਤ ਨੇ ਰੋਕ ਲਗਾ ਦਿੱਤੀ ਸੀ, ਇਸ ਤੋਂ ਬਾਅਦ ਵੀ ਟਰੰਪ ਪ੍ਰਸ਼ਾਸਨ ਨੇ ਇਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ, ਜਦੋਂ ਤੱਕ ਅਦਾਲਤ ਦਾ ਹੁਕਮ ਆਇਆ ਫਲਾਈਟ ਪਹਿਲਾਂ ਹੀ ਉਡਾਣ ਭਰ ਚੁੱਕੀ ਸੀ।
ਵੈਨੇਜ਼ੁਏਲਾ ਦੇ ਨਾਗਰਿਕਾਂ ਨੂੰ ਜੇਲ੍ਹ ਦੀ ਚਿੱਟੀ ਡਰੈੱਸ ਪਵਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਲਾਈਨ ਵਿਚ ਜੇਲ੍ਹ ਪਹੁੰਚਾਇਆ ਗਿਆ। ਰਾਸ਼ਟਰਪਤੀ ਦਫ਼ਤਰ ਨੇ ਇਨ੍ਹਾਂ ਲੋਕਾਂ ਨੂੰ ਜੇਲ੍ਹ ਵਿਚ ਟ੍ਰਾਂਸਫਰ ਕਰਨ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵੀ ਜਾਰੀ ਕੀਤੀਆਂ ਹਨ। ਜਿਸ ਵਿਚ ਇਨ੍ਹਾਂ ਲੋਕਾਂ ਨੂੰ ਹੱਥਕੜੀਆਂ ਲਗਾ ਕੇ ਫਲਾਈਟ ਤੋਂ ਉਤਾਰਦੇ ਦੇਖਿਆ ਜਾ ਸਕਦਾ ਹੈ।