Apr 15, 2025 12:57 PM - The Associated Press
ਅਮਰੀਕਾ ਦੀ ਟਰੰਪ ਸਰਕਾਰ ਨੇ ਹਾਰਵਰਡ ਯੂਨੀਵਰਸਿਟੀ ਦੀ 2.2 ਬਿਲੀਅਨ ਡਾਲਰ ਦੀ ਫੰਡਿੰਗ ਰੋਕ ਦਿੱਤੀ ਹੈ। ਇਹ ਕਾਰਵਾਈ ਇਸ ਲਈ ਕੀਤੀ ਗਈ ਕਿਉਂਕਿ ਹਾਰਵਰਡ ਯੂਨੀਵਰਸਿਟੀ ਨੇ ਵ੍ਹਾਈਟ ਹਾਊਸ ਦੀਆਂ ਉਹਨਾਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਜਿਨ੍ਹਾਂ ਦਾ ਮਕਸਦ ਯਹੂਦੀ ਵਿਰੋਧੀ ਗਤੀਵਧੀਆਂ 'ਤੇ ਸਖ਼ਤੀ ਕਰਨਾ ਸੀ।
ਵ੍ਹਾਈਟ ਹਾਊਸ ਨੇ ਪਿਛਲੇ ਹਫ਼ਤੇ ਹਾਰਵਰਡ ਨੂੰ ਮੰਗਾਂ ਦੀ ਇੱਕ ਸੂਚੀ ਭੇਜੀ ਸੀ ਪਰ ਯੂਨੀਵਰਸਿਟੀ ਨੇ ਕਿਸੇ ਵੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਹਾਰਵਰਡ ਪ੍ਰਧਾਨ ਐਲਨ ਗਾਰਬਰ ਨੇ ਸਟੂਡੈਂਟਸ ਅਤੇ ਫੈਕਲਟੀ ਨੂੰ ਲਿਖੇ ਇੱਕ ਪੱਤਰ ਵਿਚ ਕਿਹਾ ਕਿ ਯੂਨੀਵਰਸਿਟੀ ਸਰਕਾਰ ਜਾਂ ਸੱਤਾ ਵਿਚ ਬੈਠੀ ਕਿਸੇ ਵੀ ਪਾਰਟੀ ਅੱਗੇ ਨਹੀਂ ਝੁਕੇਗੀ ਅਤੇ ਆਪਣੀ ਆਜ਼ਾਦੀ ਅਤੇ ਸੰਵਿਧਾਨਕ ਅਧਿਕਾਰਾਂ ਨਾਲ ਸਮਝੌਤਾ ਨਹੀਂ ਕਰੇਗੀ। ਉਹਨਾਂ ਕਿਹਾ ਕਿ ਕੋਈ ਵੀ ਸਰਕਾਰ ਸੱਤਾ ਵਿਚ ਬੈਠੇ ਇਹ ਤੈਅ ਨਹੀਂ ਕਰ ਸਕਦੀ ਕਿ ਪ੍ਰਾਈਵੇਟ ਯੂਨੀਵਰਸਿਟੀ ਕੀ ਪੜ੍ਹਾ ਸਕਦੀ ਹੈ, ਕਿਸ ਨੂੰ ਦਾਖ਼ਲਾ ਜਾਂ ਨੌਕਰੀ ਦੇ ਸਕਦੀ ਹੈ। ਉਥੇ ਹੀ, ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸਰਕਾਰੀ ਫੰਡ ਪ੍ਰਾਪਤ ਕਰਨਾ ਚਾਹੁੰਦੇ ਹਨ ਪਰ ਕਾਨੂੰਨਾਂ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ।